ਆਰ. ਬੀ. ਆਈ. ਨੇ ਕੀਤਾ 2000 ਦੇ ਰੁਪਏ ਨੂੰ ਲੈ ਕੇ ਨਵਾਂ ਖੁਲਾਸਾ

ਆਰ. ਬੀ. ਆਈ. ਨੇ ਕੀਤਾ 2000 ਦੇ ਰੁਪਏ ਨੂੰ ਲੈ ਕੇ ਨਵਾਂ ਖੁਲਾਸਾ

ਮੁੰਬਈ— ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਹੈ ਕਿ ਕੇਂਦਰੀ ਬੋਰਡ ਨੇ 2000 ਰੁਪਏ ਦੇ ਨਵੇਂ ਨੋਟਾਂ ਨੂੰ ਬਾਜ਼ਾਰ 'ਚ ਉਤਾਰਨ ਦੇ ਪ੍ਰਸਤਾਵ ਨੂੰ ਮਈ 2016 'ਚ ਹੀ ਮੰਨ ਲਿਆ ਸੀ। ਇਸ ਗੱਲ ਦੀ ਜਾਣਕਾਰੀ ਆਰ. ਬੀ. ਆਈ. ਨੇ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਨੂੰ ਇਕ ਚਿੱਠੀ ਰਾਹੀਂ ਦਿੱਤੀ। ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਰਾਹੀਂ ਦਿੱਤੀ ਗਈ ਜਾਣਕਾਰੀ 'ਚ ਆਰ. ਬੀ.ਆਈ. ਨੇ ਦੱਸਿਆ ਕਿ 2000 ਰੁਪਏ ਦੇ ਨੋਟਾਂ ਨੂੰ ਮਨਜ਼ੂਰੀ ਦਿੰਦੇ ਸਮੇਂ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਸੰਬੰਧੀ ਕੋਈ ਗੱਲ ਨਹੀਂ ਕੀਤੀ ਗਈ ਸੀ। ਆਰ. ਟੀ. ਆਈ. 'ਚ ਦੱਸਿਆ ਗਿਆ ਹੈ ਕਿ ਆਰ. ਬੀ. ਆਈ. ਨੇ 19 ਮਈ 2016 ਨੂੰ 2000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਸੰਬੰਧੀ ਫੈਸਲਾ ਲਿਆ ਸੀ।

ਭਾਰਤੀ ਰਿਜ਼ਰਵ ਬੈਂਕ ਤੋਂ ਆਰ. ਟੀ. ਆਈ. ਜ਼ਰੀਏ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਪਿਛਲੇ ਸਾਲ ਆਰ. ਬੀ. ਆਈ. ਦੀ ਕਿਸੇ ਵੀ ਬੋਰਡ ਮੀਟਿੰਗ 'ਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਸੰਬੰਧੀ ਚਰਚਾ ਹੋਈ ਸੀ। ਇਸ ਦੇ ਜਵਾਬ 'ਚ ਕੇਂਦਰੀ ਬੈਂਕ ਨੇ ਕਿਹਾ ਕਿ ਮਈ 2016, 7 ਜੁਲਾਈ ਅਤੇ 11 ਅਗਸਤ ਨੂੰ ਹੋਈ ਕਿਸੇ ਵੀ ਬੋਰਡ ਮੀਟਿੰਗ 'ਚ ਇਸ ਦੀ ਚਰਚਾ ਨਹੀਂ ਕੀਤੀ ਗਈ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ ਮਈ 'ਚ ਜਦੋਂ 2000 ਰੁਪਏ ਦੇ ਨੋਟਾਂ ਨੂੰ ਮਨਜ਼ੂਰੀ ਮਿਲੀ ਸੀ ਉਸ ਸਮੇਂ ਰਘੁਰਾਮ ਰਾਜਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸਨ।

ਆਰ. ਬੀ. ਆਈ. ਕੋਲੋਂ ਪੁੱਛਿਆ ਗਿਆ ਕਿ ਕੀ ਰਿਜ਼ਰਵ ਬੈਂਕ ਕੇਂਦਰੀ ਬੋਰਡ ਨੂੰ ਸਰਕਾਰ ਨੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਸੰਬੰਧੀ ਕੋਈ ਵੀ ਪ੍ਰਸਤਾਵ ਭੇਜਿਆ ਸੀ? ਇਸ ਦੇ ਜਵਾਬ 'ਚ ਆਰ. ਬੀ. ਆਈ. ਨੇ ਕਿਹਾ ਕਿ 8 ਨਵੰਬਰ 2016 ਨੂੰ ਹੋਈ ਬੈਠਕ 'ਚ ਕੇਂਦਰੀ ਬੋਰਡ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਰਿਜ਼ਰਵ ਨੇ ਇਹ ਨਹੀਂ ਦੱਸਿਆ ਕਿ ਇਹ ਬੈਠਕ ਕਿਹੜੇ ਸਮੇਂ ਹੋਈ ਸੀ। ਇਸ ਦੇ ਇਲਾਵਾ ਆਰ. ਬੀ. ਆਈ. ਨੇ ਇਹ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਬੈਠਕ ਕਿੰਨੀ ਦੇਰ ਚੱਲੀ।


Loading...