ਬੈਂਕ ਆਫ ਬੜੌਦਾ ਦਾ ਕਰਜ਼ ਹੈ ਸਭ ਤੋਂ ਸਸਤਾ

ਬੈਂਕ ਆਫ ਬੜੌਦਾ ਦਾ ਕਰਜ਼ ਹੈ ਸਭ ਤੋਂ ਸਸਤਾ

ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਹੋਮ ਲੋਨ ਦੀ ਵਿਆਜ ਦਰ ‘ਚ ਭਾਰੀ ਕਮੀ ਕਰਕੇ ਮੁਕਾਬਲੇਬਾਜ਼ੀ ਹੋਰ ਤੇਜ਼ ਕਰ ਦਿੱਤੀ ਹੈ। ਬੈਂਕ ਨੇ ਹੋਮ ਲੋਨ ਲਈ ਵਿਆਜ ਦਰ 0.7 ਫ਼ੀਸਦੀ ਘਟਾ ਕੇ 8.35 ਫ਼ੀਸਦੀ ਤੈਅ ਕਰਨ ਦਾ ਐਲਾਨ ਕੀਤਾ ਹੈ। ਇਹ ਵਿਆਜ ਦਰ ਦੇਸ਼ ਦੇ ਸਾਰੇ ਬੈਂਕਾਂ ਨਾਲੋਂ ਸਭ ਤੋਂ ਘੱਟ ਹੈ।

  ਉਂਝ, ਇਹ ਵਿਆਜ ਦਰ ਸਿਰਫ ਉਨ੍ਹਾਂ ਗਾਹਕਾਂ ਨੂੰ ਦਿੱਤੀ ਜਾਵੇਗੀ ਕਿ ਜਿਨ੍ਹਾਂ ਦਾ ਸਿਬਲ ਸਕੋਰ ਕਾਫੀ ਚੰਗਾ ਹੋਵੇਗਾ। ਗਾਹਕਾਂ ਦੇ ਪਿਛਲੇ ਕਰਜ਼ਿਆਂ ਨੂੰ ਨਿਯਮਤ ਅਦਾਇਗੀ ਦੇ ਆਧਾਰ ‘ਤੇ ਸਿਬਲ ਸਕੋਰ ਤਿਆਰ ਹੁੰਦਾ ਹੈ। ਹਾਲੇ ਤਕ ਸਟੇਟ ਬੈਂਕ ਆਫ ਇੰਡੀਆ ਦਾ ਹੋਮ ਲੋਨ ਸਭ ਤੋਂ ਸਸਤਾ ਸੀ ਜੋ 8.50 ਫ਼ੀਸਦੀ ਵਿਆਜ ‘ਤੇ ਦੇ ਰਿਹਾ ਹੈ।

  ਬੈਂਕ ਆਫ ਬੜੌਦਾ ਦੇ ਮੌਜੂਦਾ ਗਾਹਕ ਪੁਰਾਣੇ ਬੇਸ ਰੇਟ ਨਾਲ ਐਮ.ਸੀ.ਐਲ.ਆਰ. ‘ਤੇ ਆਧਾਰਿਤ ਨਵੇਂ ਵਿਆਜ ਵਾਲੇ ਹੋਮ ਲੋਨ ‘ਤੇ ਸ਼ਿਫਟ ਕਰ ਸਕਣਗੇ। ਉਨ੍ਹਾਂ ਨੂੰ ਕੋਈ ਵਾਧੂ ਚਾਰਜ ਵੀ ਨਹੀਂ ਦੇਣਾ ਪਵੇਗਾ। ਜਦਕਿ ਸਟੇਟ ਬੈਂਕ ਸਮੇਤ ਦੂਜੇ ਸਾਰੇ ਬੈਂਕ ਮੌਜੂਦਾ ਗਾਹਕਾਂ ਨੂੰ ਨਵੇਂ ਵਿਆਜ ਦਰ ‘ਤੇ ਲੋਨ ਸ਼ਿਫਟ ਕਰਵਾਉਣ ਲਈ ਦਸ ਹਜ਼ਾਰ ਰੁਪਏ ਜਾਂ ਬਕਾਇਆ ਰਾਸ਼ੀ ਦੀ 0.5 ਫ਼ੀਸਦੀ ਰਕਮ ਚਾਰਜ ਕਰ ਰਹੇ ਹਨ।

ਬੈਂਕ ਆਫ ਬੜੌਦਾ ਸੱਤ ਜਨਵਰੀ ਤੋਂ ਐਮ.ਸੀ.ਐਲ.ਆਰ. ‘ਚ 0.55 ਤੋਂ 0.75 ਫ਼ੀਸਦੀ ਤਕ ਘਟਾ ਚੁੱਕਾ ਹੈ। ਬੈਂਕ ਦੇ ਇੱਕ ਅਧਿਕਾਰੀ ਮੁਤਾਬਕ 700 ਤੋਂ ਜ਼ਿਆਦਾ ਸਿਬਲ ਸਕੋਰ ਵਾਲੇ ਗਾਹਕਾਂ ਨੂੰ 8.35 ਫ਼ੀਸਦੀ ਵਿਆਜ ਦਰ ‘ਤੇ ਹੋਮ ਦਿੱਤਾ ਜਾਵੇਗਾ।


Loading...