ਨਵੇਂ ਸਾਲ ‘ਚ ਪੈਟਰੋਲ-ਡੀਜ਼ਲ ਦੇ ਮੁੱਲ ‘ਤੇ ਇਹ ਹੋਵੇਗਾ ਅਸਰ

ਨਵੇਂ ਸਾਲ ‘ਚ ਪੈਟਰੋਲ-ਡੀਜ਼ਲ ਦੇ ਮੁੱਲ ‘ਤੇ ਇਹ ਹੋਵੇਗਾ ਅਸਰ

ਨਵੀਂ ਦਿੱਲੀ— ਇਸ ਸਮੇਂ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ 'ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਤਕਰੀਬਨ 20 ਫੀਸਦੀ ਜ਼ਿਆਦਾ ਹਨ। ਮੁੱਲ ਘਟਣ ਦੀ ਸੰਭਾਵਨਾ ਨਹੀਂ ਹੈ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਵੱਲੋਂ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ ਤੋਂ ਬਾਅਦ ਕੱਚੇ ਤੇਲ ਦੇ ਸੰਸਾਰਕ ਮੁੱਲ 'ਚ ਤੇਜ਼ੀ ਆਈ ਹੈ। ਸਰਕਾਰ ਵੱਲੋਂ ਉਤਪਾਦ ਫੀਸ 'ਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਵੀ ਨਹੀਂ ਦਿਸ ਰਹੀ ਹੈ। ਦਿੱਲੀ 'ਚ ਇਸ ਸਮੇਂ ਡੀਜ਼ਲ 57.82 ਰੁਪਏ ਪ੍ਰਤੀ ਲੀਟਰ ਹੈ, ਜੋ ਦਸੰਬਰ 2015 ਦੀ ਤੁਲਨਾ 'ਚ 25 ਫੀਸਦੀ ਜ਼ਿਆਦਾ ਹੈ। ਪੈਟਰੋਲ 70.6 ਰੁਪਏ ਪ੍ਰਤੀ ਲੀਟਰ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ 'ਚ ਤਕਰੀਬਨ 18 ਫੀਸਦੀ ਮਹਿੰਗਾ ਹੈ। 

ਓਪੇਕ ਨੇ 30 ਨਵੰਬਰ ਨੂੰ 325 ਲੱਖ ਬੈਰਲ ਪ੍ਰਤੀ ਦਿਨ ਤੇਲ ਉਤਪਾਦਨ ਦਾ ਨਵਾਂ ਟੀਚਾ ਤੈਅ ਕੀਤਾ ਹੈ, ਜੋ ਕਿ ਪਹਿਲਾਂ ਦੇ ਟੀਚੇ ਦੀ ਤੁਲਨਾ 'ਚ 12 ਲੱਖ ਬੈਰਲ ਪ੍ਰਤੀ ਦਿਨ ਘੱਟ ਹੈ। ਤੇਲ ਅਤੇ ਕੁਦਰਤੀ ਗੈਸ ਨਿਗਮ (ਓ ਐੱਨ ਜੀ ਸੀ) ਦੇ ਚੇਅਰਮੈਨ ਡੀ. ਕੇ. ਸਰਾਫ ਨੇ ਕਿਹਾ ਕਿ ਇਸ ਕਟੌਤੀ ਦਾ ਅਸਰ ਸਪਲਾਈ 'ਤੇ ਵੀ ਦਿਸੇਗਾ ਪਰ ਬਾਜ਼ਾਰ ਨੇ ਇਸ ਦਾ ਅਸਰ ਪਹਿਲਾਂ ਹੀ ਘੱਟ ਕਰ ਲਿਆ ਹੈ। ਸਰਾਫ ਦਾ ਮੰਨਣਾ ਹੈ ਕਿ ਕੱਚੇ ਤੇਲ ਦੇ ਸੰਸਾਰਕ ਮੁੱਲ 60-65 ਡਾਲਰ 'ਤੇ ਸਥਿਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਸਾਲ ਤੋਂ ਜਦੋਂ ਕੀਮਤਾਂ ਘੱਟ ਬਣੀਆਂ ਹੋਈਆਂ ਸਨ ਸਰਕਾਰ ਨੇ ਕੁਝ ਉਤਸ਼ਾਹੀ ਕਦਮ ਚੁੱਕੇ, ਜਿਸ 'ਚ ਕੀਮਤਾਂ 'ਤੇ ਕੰਟਰੋਲ ਖਤਮ ਕਰਨਾ, ਰਸੋਈ ਗੈਸ ਦੀ ਸਬਸਿਡੀ ਟਰਾਂਸਫਰ ਕਰਨਾ ਅਤੇ ਮਿੱਟੀ ਦੇ ਤੇਲ ਦੀ ਸਪਲਾਈ 'ਚ ਕਟੌਤੀ ਕਰਨਾ ਸ਼ਾਮਲ ਹੈ। ਇਸ ਤਰ੍ਹਾਂ ਸਬਸਿਡੀ 'ਚ ਕਟੌਤੀ ਕਰਨ 'ਚ ਮਦਦ ਮਿਲੇਗੀ। 

ਪਿਛਲੇ ਸਾਲ ਮਾਰਚ ਤੋਂ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦ ਫੀਸ 2.5 ਫੀਸਦੀ ਸੀ। ਪੈਟਰੋਲ 'ਤੇ 21.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 17.32 ਰੁਪਏ ਪ੍ਰਤੀ ਲੀਟਰ ਉਤਪਾਦ ਫੀਸ ਲੱਗਦੀ ਹੈ। ਇਕ ਮਾਹਰ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੇ ਮੁੱਲ ਡਿੱਗੇ ਸਨ ਤਾਂ ਸਰਕਾਰ ਨੇ ਉਤਪਾਦ ਫੀਸ ਜ਼ਿਆਦਾ ਰੱਖੀ ਸੀ। ਅਜਿਹੇ 'ਚ ਜੇਕਰ ਕੱਚੇ ਤੇਲ ਦੇ ਮੁੱਲ ਜ਼ਿਆਦਾ ਵਧਦੇ ਹਨ ਤਾਂ ਉਤਪਾਦ ਫੀਸ 'ਚ ਕਟੌਤੀ ਕਰਨ ਦਾ ਬਦਲ ਸਰਕਾਰ ਕੋਲ ਹੋਵੇਗਾ। ਫਿਲਹਾਲ ਸਰਕਾਰ ਅਗਲੇ ਇਕ ਸਾਲ ਤਕ ਉਤਪਾਦ ਫੀਸ 'ਚ ਕਟੌਤੀ ਕਰਨ ਦੇ ਪੱਖ 'ਚ ਨਹੀਂ ਹੈ, ਕਿਉਂਕਿ ਅਜੇ ਇਸ ਦੇ ਮੁੱਲ ਜ਼ਿਆਦਾ ਰਹਿਣ 'ਤੇ ਮਹਿੰਗਾਈ ਦਰ ਵਧਣ ਦੀ ਸੰਭਾਵਨਾ ਨਹੀਂ ਦਿਸ ਰਹੀ ਹੈ।


Loading...