ਦਿੱਲੀ ‘ਚ ‘ਸਮੋਗ’ ਕਾਰਨ ਹਵਾਈ ਯਾਤਰਾ ਹੋਈ ਮਹਿੰਗੀ

ਦਿੱਲੀ ‘ਚ ‘ਸਮੋਗ’ ਕਾਰਨ ਹਵਾਈ ਯਾਤਰਾ ਹੋਈ ਮਹਿੰਗੀ

ਨਵੀਂ ਦਿੱਲੀ— ਜੇਕਰ ਤੁਸੀਂ ਲਾਸਟ ਮਿੰਟ 'ਤੇ ਦਿੱਲੀ ਦੇ ਹਵਾਈ ਅੱਡੇ ਤੋਂ ਟਿਕਟ ਬੁੱਕ ਕਰਨ ਵਾਲੇ ਹੋ ਤਾਂ ਤੁਹਾਡੀ ਜੇਬ ਖਾਲੀ ਹੋਣੀ ਤੈਅ ਹੈ। ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ (ਸਮੋਗ) ਦਾ ਪੱਧਰ ਵਧਣ ਨਾਲ ਪੈਦਾ ਹੋਈ ਧੁੰਦ ਕਾਰਨ ਕਈ ਉਡਾਣਾਂ ਰੱਦ ਹੋਈਆਂ ਹਨ। ਉੱਥੇ ਹੀ ਦਿੱਲੀ ਹਵਾਈ ਅੱਡੇ 'ਤੇ ਇਕ ਰਨਵੇਅ ਵੀ ਬੰਦ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਹਵਾਈ ਕਿਰਾਏ 'ਚ ਵੱਡਾ ਉਛਾਲ ਆਇਆ ਹੈ। ਬੁੱਧਵਾਰ ਨੂੰ ਦਿੱਲੀ ਤੋਂ ਮੁੰਬਈ ਲਈ ਜੈੱਟ ਏਅਰਵੇਜ਼ ਦੀ ਹਵਾਈ ਟਿਕਟ 1,05,000 ਰੁਪਏ 'ਚ ਮਿਲ ਰਹੀ ਸੀ। ਵੀਰਵਾਰ ਨੂੰ ਉਡਾਣਾਂ ਲਈ ਟਿਕਟਾਂ ਦੀ ਕੀਮਤ 60,502 ਰੁਪਏ ਅਤੇ ਸ਼ੁੱਕਰਵਾਰ ਨੂੰ 45,039 ਰੁਪਏ ਸੀ। ਇਸੇ ਤਰ੍ਹਾਂ ਬੁੱਧਵਾਰ ਨੂੰ ਗੋਏਅਰ ਦਿੱਲੀ ਤੋਂ ਮੁੰਬਈ ਦੀ ਉਡਾਣ ਲਈ 43,518 ਰੁਪਏ ਚਾਰਜ ਕਰ ਰਿਹਾ ਸੀ। ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਛਾਈ ਸੰਘਣੀ ਧੁੰਦ ਕਾਰਨ ਥੋੜ੍ਹੇ ਜਹਾਜ਼ ਹੀ ਉਡਾਣ ਭਰ ਰਹੇ ਹਨ। ਆਨਲਾਈਨ ਟਿਕਟ ਬੁਕਿੰਗ ਪਲੇਟਫਾਰਮ ਅਤੇ ਆਫਲਾਈਨ ਏਜੰਟਾਂ ਮੁਤਾਬਕ, ਜ਼ਿਆਦਾਤਰ ਹਵਾਬਾਜ਼ੀ ਕੰਪਨੀਆਂ ਨੇ ਕਿਰਾਏ ਵਧਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਂਝ ਵੀ ਕਿਰਾਇਆ ਵੱਧ ਗਿਆ ਸੀ ਕਿਉਂਕਿ ਸਰਦੀਆਂ ਦੀ ਅਨੁਸੂਚੀ ਲਈ ਏਅਰਲਾਈਨਸ ਦੀ ਸਮਰੱਥਾ 'ਚ ਕੋਈ ਮਹੱਤਵਪੂਰਨ ਵਾਧਾ ਨਹੀਂ ਹੋਇਆ ਹੈ।

ਪੇ. ਟੀ. ਐੱਮ. ਦੇ ਉਪ ਮੁਖੀ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਇਕ ਰਨਵੇਅ ਨੂੰ ਮੁਰੰਮਤ ਲਈ ਬੰਦ ਕੀਤਾ ਗਿਆ ਹੈ, ਜੋ ਕਿ ਤਿੰਨ ਦਿਨ ਹੋਰ ਬੰਦ ਰਹੇਗਾ। ਇਸ ਦੇ ਨਤੀਜੇ ਵਜੋਂ ਉਡਾਣਾਂ ਦੀ ਕਮੀ ਕਾਰਨ ਟਿਕਟਾਂ ਦੀ ਵਿਕਰੀ 'ਚ 40 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਲਾਸਟ ਮਿੰਟ ਵਾਲੀਆਂ ਟਿਕਟਾਂ 'ਚ 19 ਫੀਸਦੀ ਦੀ ਤੇਜ਼ੀ ਆਈ ਹੈ। ਉੱਥੇ ਹੀ, ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਜਹਾਜ਼ 'ਚ ਬਹੁਤ ਸਾਰੀਆਂ ਸੀਟਾਂ ਖਾਲੀ ਬਚ ਜਾਂਦੀਆਂ ਹਨ, ਤਾਂ ਉਹ ਲਾਸਟ ਮਿੰਟ 'ਤੇ ਬੁੱਕ ਹੋਣ ਵਾਲੀਆਂ ਟਿਕਟਾਂ ਦੀਆਂ ਕੀਮਤਾਂ ਵਧਾ ਦਿੰਦੀਆਂ ਹਨ। ਜ਼ਿਆਦਾਤਰ ਏਅਰਲਾਈਨਾਂ ਇਹ ਕੀਮਤਾਂ ਉਦੋਂ ਚਾਰਜ ਕਰ ਰਹੀਆਂ ਹਨ ਜਦੋਂ ਇਕ ਜਾਂ ਵੱਧ ਤੋਂ ਵੱਧ ਤਿੰਨ ਸੀਟਾਂ ਬਚੀਆਂ ਹੋਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਯਾਤਰਾ ਤੋਂ ਦੋ ਹਫਤੇ ਪਹਿਲਾਂ ਟਿਕਟ ਬੁੱਕ ਕਰਾਉਂਦਾ ਹੈ, ਤਾਂ ਉਹ ਟਿਕਟ ਸਸਤੀ ਪੈਂਦੀ ਹੈ ਉਸ 'ਚ ਕੋਈ ਉਛਾਲ ਨਹੀਂ ਹੁੰਦਾ। ਜਾਣਕਾਰੀ ਮੁਤਾਬਕ, ਜੈੱਟ ਏਅਰਵੇਜ਼ ਨੇ ਵੀਰਵਾਰ ਨੂੰ ਦਿੱਲੀ ਤੋਂ ਬੇਂਗਲੁਰੂ ਜਾਣ ਵਾਲੀ ਉਡਾਣ ਦਾ ਕਿਰਾਇਆ ਵਧਾ ਕੇ 94,793 ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਹੋਰਨਾਂ ਮਾਰਗਾਂ 'ਤੇ ਵੀ ਟਿਕਟਾਂ ਦੀ ਕੀਮਤ ਵਧਾਈ ਗਈ ਹੈ। ਲਾਸਟ ਮਿੰਟ 'ਤੇ ਬੁੱਕ ਹੋਣ ਵਾਲੀ ਟਿਕਟ 'ਚ ਭਾਰੀ ਵਾਧੇ ਨਾਲ ਲੋਕਾਂ ਦੀ ਜੇਬ 'ਤੇ ਵੱਡਾ ਅਸਰ ਪੈ ਰਿਹਾ ਹੈ।