ਕੈਸ਼ਲੈੱਸ ਮੁਹਿੰਮ ‘ਚ ਰੇਲਵੇ ਸਭ ਤੋਂ ਅੱਗੇ , 98 ਫ਼ੀਸਦੀ ਲੈਣ-ਦੇਣ ਡਿਜੀਟਲ

ਕੈਸ਼ਲੈੱਸ ਮੁਹਿੰਮ ‘ਚ ਰੇਲਵੇ ਸਭ ਤੋਂ ਅੱਗੇ , 98 ਫ਼ੀਸਦੀ ਲੈਣ-ਦੇਣ ਡਿਜੀਟਲ

ਨਵੀਂ ਦਿੱਲੀ  (ਯੂ. ਐੱਨ. ਆਈ.)-ਭਾਰਤੀ ਰੇਲਵੇ ਨਕਦੀ ਰਹਿਤ ਲੈਣ-ਦੇਣ (ਕੈਸ਼ਲੈੱਸ ਟ੍ਰਾਂਜ਼ੈਕਸ਼ਨ) ਦੇ ਮਾਮਲੇ 'ਚ ਸਰਕਾਰ ਦੇ ਕਿਸੇ ਹੋਰ ਵਿਭਾਗ ਤੋਂ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਉਸ ਦਾ ਕਰੀਬ 5 ਲੱਖ ਕਰੋੜ ਰੁਪਏ ਦੇ ਕੰਮਕਾਜ 'ਚ ਲਗਭਗ 98 ਫ਼ੀਸਦੀ ਲੈਣ-ਦੇਣ ਡਿਜੀਟਲ ਹੋ ਗਿਆ ਹੈ ਅਤੇ ਨਕਦੀ ਦਾ ਕੰਮ ਸਿਰਫ਼ 2 ਫ਼ੀਸਦੀ ਰਹਿ ਗਿਆ ਹੈ।  


ਰੇਲਵੇ ਬੋਰਡ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰੇਲਵੇ ਦੇ ਮਾਲੀਏ ਸ਼੍ਰੇਣੀ 'ਚ ਕਰੀਬ 3.6 ਲੱਖ ਕਰੋੜ ਰੁਪਏ ਅਤੇ ਪੂੰਜੀਗਤ ਸ਼੍ਰੇਣੀ 'ਚ 1.31 ਲੱਖ ਕਰੋੜ ਰੁਪਏ ਦੇ ਲੈਣ-ਦੇਣ 'ਚੋਂ ਕਰੀਬ 25,000 ਕਰੋੜ ਰੁਪਏ ਦਾ ਹੀ ਲੈਣ-ਦੇਣ ਨਕਦੀ ਦੇ ਮਾਧਿਅਮ ਨਾਲ ਹੋ ਰਿਹਾ ਹੈ। ਇਸ ਨੂੰ ਵੀ ਡਿਜੀਟਲ ਭੁਗਤਾਨ ਮਾਧਿਅਮ 'ਤੇ ਲਿਆਉਣ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ। ਸੂਤਰਾਂ ਅਨੁਸਾਰ ਰੇਲਵੇ 'ਚ ਪਿਛਲੇ 3 ਸਾਲਾਂ 'ਚ ਸਿਲਸਿਲੇਵਾਰ ਤਰੀਕੇ ਨਾਲ ਚੁੱਕੇ ਗਏ ਕਦਮਾਂ ਨਾਲ ਇਹ ਸੰਭਵ ਹੋ ਸਕਿਆ ਹੈ।

ਰੇਲਵੇ ਢੋਆ-ਢੁਆਈ ਸ਼੍ਰੇਣੀ 'ਚ 99.8 ਫ਼ੀਸਦੀ ਲੈਣ-ਦੇਣ ਡਿਜੀਟਲ
ਉਨ੍ਹਾਂ ਦੱਸਿਆ ਕਿ ਰੇਲਵੇ ਢੋਆ-ਢੁਆਈ ਸ਼੍ਰੇਣੀ 'ਚ 99.8 ਫ਼ੀਸਦੀ ਲੈਣ-ਦੇਣ ਡਿਜੀਟਲ ਹੋ ਗਿਆ ਹੈ, ਜਦੋਂ ਕਿ ਰਾਖਵੀਆਂ ਸ਼੍ਰੇਣੀਆਂ 'ਚ ਬੁੱਕ ਹੋਣ ਵਾਲੀਆਂ ਟਿਕਟਾਂ 'ਚ 76 ਫ਼ੀਸਦੀ ਤੋਂ ਜ਼ਿਆਦਾ ਟਿਕਟਾਂ ਅਤੇ ਗ਼ੈਰ-ਰਾਖਵੀਂ ਸ਼੍ਰੇਣੀ 'ਚ ਕਰੀਬ 10 ਫ਼ੀਸਦੀ ਟਿਕਟਾਂ ਲਈ ਡਿਜੀਟਲ ਭੁਗਤਾਨ ਹੋਣ ਲੱਗਾ ਹੈ। ਉਨ੍ਹਾਂ ਸਾਲ 2016-17 ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਯਾਤਰੀ ਮਾਲੀਏ 'ਚ 48,300 ਕਰੋੜ ਰੁਪਏ ਦੀ ਕਮਾਈ 'ਚੋਂ ਕਰੀਬ 24,000 ਕਰੋੜ ਰੁਪਏ ਨਕਦੀ ਆ ਰਹੀ ਹੈ, ਜਿਸ ਨੂੰ ਰੇਲਵੇ ਸਥਾਨਕ ਪੱਧਰ 'ਤੇ ਫੁੱਟਕਲ ਖਰਚਿਆਂ ਲਈ ਵਰਤੋਂ 'ਚ ਲਿਆ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਨੋਟਬੰਦੀ ਤੋਂ ਬਾਅਦ ਰੇਲਵੇ ਦੇ ਯਾਤਰੀ ਮਾਲੀਏ 'ਚ ਡਿਜੀਟਲ ਲੈਣ-ਦੇਣ ਕਰੀਬ 12 ਫ਼ੀਸਦੀ ਵਧਿਆ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ ਤੋਂ ਰਾਖਵਾਂਕਰਨ 62.55 ਫ਼ੀਸਦੀ ਤੋਂ ਵਧ ਕੇ 76 ਫ਼ੀਸਦੀ ਤੋਂ ਜ਼ਿਆਦਾ ਹੋ ਗਿਆ ਹੈ। ਯਾਨੀ ਇਸ 'ਚ 14 ਫ਼ੀਸਦੀ ਦਾ ਵਾਧਾ ਹੋਇਆ ਹੈ।

ਸੂਤਰਾਂ ਨੇ ਦੱਸਿਆ ਕਿ ਰੇਲਵੇ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਲਈ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ 'ਤੇ ਟਿਕਟ ਬੁਕਿੰਗ 'ਤੇ ਸੇਵਾ ਚਾਰਜ ਨੂੰ ਮਾਰਚ, 2018 ਤੱਕ ਰੱਦ ਕੀਤਾ ਹੈ। ਬਾਅਦ 'ਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।