ਹੁਣ ਕਾਰਡ ਨਾਲ ਪੇਮੈਂਟ ਕਰਨ ‘ਤੇ ਮਿਲੇਗਾ ਇਹ ਵੱਡਾ ਤੋਹਫਾ

ਹੁਣ ਕਾਰਡ ਨਾਲ ਪੇਮੈਂਟ ਕਰਨ ‘ਤੇ ਮਿਲੇਗਾ ਇਹ ਵੱਡਾ ਤੋਹਫਾ

ਨਵੀਂ ਦਿੱਲੀ— ਡੈਬਿਟ ਕਾਰਡ ਜਾਂ ਇਲੈਕਟ੍ਰਾਨਿਕ ਵਾਲਿਟ ਜ਼ਰੀਏ ਪੇਮੈਂਟ ਕਰਨ 'ਤੇ ਤੁਹਾਨੂੰ ਜੀ. ਐੱਸ. ਟੀ. 'ਚ ਛੋਟ ਮਿਲ ਸਕਦੀ ਹੈ, ਯਾਨੀ ਡਿਜੀਟਲ ਪੇਮੈਂਟ ਕਰਨ 'ਤੇ ਤੁਹਾਨੂੰ ਜੀ. ਐੱਸ. ਟੀ. 'ਚ ਡਿਸਕਾਊਂਟ ਦਿੱਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ, ਸਰਕਾਰ ਇਸ ਸਿਸਟਮ ਨੂੰ ਹੋਰ ਪਾਰਦਰਸ਼ੀ ਬਣਾਉਣ ਅਤੇ ਨਕਦ ਲੈਣ-ਦੇਣ ਨੂੰ ਘੱਟ ਕਰਨ ਲਈ ਇਹ ਐਲਾਨ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਿਸਟਮ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਲੋਕਾਂ ਨੂੰ ਰੈਸਟੋਰੈਂਟਾਂ 'ਚ ਘੱਟ ਟੈਕਸ ਦੇਣਾ ਹੋਵੇਗਾ। ਇੰਨਾ ਹੀ ਨਹੀਂ ਇਲੈਕਟ੍ਰਾਨਿਕ ਸਾਮਾਨ ਜਿਵੇਂ ਕਿ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਓਵਨ ਆਦਿ ਵਰਗੇ ਸਾਮਾਨ ਖਰੀਦਦੇ ਸਮੇਂ ਜੇਕਰ ਤੁਸੀਂ ਡਿਜੀਟਲ ਪੇਮੈਂਟ ਕਰੋਗੇ ਤਾਂ ਵੀ ਟੈਕਸ 'ਚ ਛੋਟ ਦਾ ਫਾਇਦਾ ਮਿਲ ਸਕਦਾ ਹੈ। ਅਜਿਹੇ 'ਚ ਇਕ ਪਾਸੇ ਜਿੱਥੇ ਗਾਹਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਡਿਜੀਟਲ ਮੁਹਿੰਮ 'ਚ ਸਰਕਾਰ ਦੇ ਮਕਸਦ ਨੂੰ ਵੀ ਵੱਡਾ ਹੁੰਗਾਰਾ ਮਿਲੇਗਾ।

ਸੂਤਰਾਂ ਮੁਤਾਬਕ, ਪਿਛਲੇ ਸਾਲ ਹੋਈ ਨੋਟਬੰਦੀ ਤੋਂ ਬਾਅਦ ਵਿਰੋਧੀਆਂ ਦੇ ਹਮਲਿਆਂ ਦੇ ਜਵਾਬ ਦੇਣ ਅਤੇ ਜਨਤਾ ਵਿਚਕਾਰ ਆਪਣਾ ਮਾਹੌਲ ਬਣਾਈ ਰੱਖਣ ਲਈ ਸਰਕਾਰ ਸ਼ੁੱਕਰਵਾਰ ਨੂੰ ਇਸ ਤਰ੍ਹਾਂ ਦਾ ਐਲਾਨ ਕਰ ਸਕਦੀ ਹੈ। ਨੋਟਬੰਦੀ ਤੋਂ ਬਾਅਦ ਨਕਦੀ ਰਹਿਤ ਅਰਥਵਿਵਸਥਾ ਨੂੰ ਇਸ ਦੇ ਪ੍ਰਮੁੱਖ ਉਦੇਸ਼ 'ਚ ਗਿਣਾਇਆ ਗਿਆ ਸੀ। ਜਿੱਥੇ ਪੈਟਰੋਲ ਪੰਪ 'ਤੇ ਕਾਰਡ ਨਾਲ ਪੇਮੈਂਟ ਕਰਨ 'ਤੇ ਕੈਸ਼-ਬੈਕ ਜ਼ਰੀਏ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਉੱਥੇ ਹੀ ਇਸ ਯੋਜਨਾ ਨੂੰ ਅਜੇ ਤਕ ਕਿਸੇ ਹੋਰ ਸ਼੍ਰੇਣੀ 'ਚ ਲਾਗੂ ਨਹੀਂ ਕੀਤਾ ਗਿਆ ਹੈ। ਹੁਣ ਸਰਕਾਰ ਵਧ ਤੋਂ ਵਧ ਲੋਕਾਂ ਨੂੰ ਡਿਜੀਟਲ ਲੈਣ-ਦੇਣ ਨਾਲ ਜੋੜਨ ਲਈ ਟੈਕਸ ਛੋਟ ਦਾ ਆਫਰ ਦੇ ਸਕਦੀ ਹੈ। ਇਸ ਜ਼ਰੀਏ ਲੋਕ ਕਾਰਡ ਨਾਲ ਪੇਮੈਂਟ ਨੂੰ ਪਹਿਲ ਦੇਣਗੇ ਅਤੇ ਉਨ੍ਹਾਂ ਨੂੰ ਇਸ ਦਾ ਫਾਇਦਾ ਵੀ ਹੋਵੇਗਾ।