ਕਿਸਾਨਾਂ ਲਈ ਖੁਸ਼ਖਬਰੀ , ਸਾਉਣੀ ਫਸਲਾਂ ‘ਤੇ ਮਿਲੇਗਾ ਡੇਢ ਗੁਣਾ

ਕਿਸਾਨਾਂ ਲਈ ਖੁਸ਼ਖਬਰੀ , ਸਾਉਣੀ ਫਸਲਾਂ ‘ਤੇ ਮਿਲੇਗਾ ਡੇਢ ਗੁਣਾ

ਨਵੀਂ ਦਿੱਲੀ- ਸਰਕਾਰ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਲਈ ਵੀ ਲਾਗਤ ਦਾ ਡੇਢ ਗੁਣਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇਣ ਅਤੇ ਇਸ ਦੇ ਲਈ ਨੀਤੀ ਬਣਾਉਣ ਦਾ ਐਲਾਨ ਇਸ ਵਾਰ ਦੇ ਬਜਟ 'ਚ ਕੀਤਾ ਹੈ। ਸਰਕਾਰ ਇਸ ਕੰਮ ਨੂੰ ਛੇਤੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।  

ਖੇਤੀਬਾੜੀ ਮੰਤਰਾਲਾ ਦਾ ਕਹਿਣਾ ਹੈ ਕਿ ਛੇਤੀ ਹੀ ਕੇਂਦਰ ਸਰਕਾਰ ਅਤੇ ਨੀਤੀ ਆਯੋਗ ਇਸ ਮਸਲੇ 'ਤੇ ਸੂਬਿਆਂ ਨਾਲ ਸਲਾਹ-ਮਸ਼ਵਰੇ ਸ਼ੁਰੂ ਕਰ ਦੇਣਗੇ। ਵਿਚਾਰ ਇਸ ਗੱਲ 'ਤੇ ਵੀ ਹੋਵੇਗਾ ਕਿ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਲਾਗਤ ਦਾ ਡੇਢ ਗੁਣਾ ਐੱਮ. ਐੱਸ. ਪੀ. ਦਿੱਤਾ ਜਾਵੇ ਜਾਂ ਫਿਰ ਕੁਝ ਚੋਣਵੀਆਂ ਫਸਲਾਂ ਲਈ। ਸਰਕਾਰ ਪਿਛਲੇ ਸਾਲ ਨਵੰਬਰ 'ਚ ਹਾੜ੍ਹੀ ਫਸਲਾਂ ਲਈ ਲਾਗਤ ਦਾ ਡੇਢ ਗੁਣਾ ਐੱਮ. ਐੱਸ. ਪੀ. ਦੇਣ ਦਾ ਐਲਾਨ ਕਰ ਚੁੱਕੀ ਹੈ ਪਰ ਕਿਸਾਨ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਲਾਗਤ ਦਾ ਮੁਲਾਂਕਣ ਸਹੀ ਤਰੀਕੇ ਨਾਲ ਨਹੀਂ ਕੀਤਾ ਹੈ, ਜਿਸ ਕਾਰਨ ਐੱਮ. ਐੱਸ. ਪੀ. ਤੈਅ ਕਰਨਾ ਕਿਸਾਨਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਹੋਇਆ ਹੈ।

ਐੱਮ. ਐੱਸ. ਪੀ. ਦਿਵਾਉਣਾ ਵੀ ਚੁਣੌਤੀ
ਕੇਂਦਰ ਦਾ ਕਹਿਣਾ ਹੈ ਕਿ ਸਿਰਫ ਐੱਮ. ਐੱਸ. ਪੀ. ਵਧਾ ਦਿੱਤੇ ਜਾਣ ਨਾਲ ਹੀ ਗੱਲ ਨਹੀਂ ਬਣੇਗੀ, ਕਿਸਾਨਾਂ ਨੂੰ ਇਸ ਨੂੰ ਦਿਵਾਉਣਾ ਵੀ ਇਕ ਵੱਡੀ ਚੁਣੌਤੀ ਹੈ। ਉਤਪਾਦਨ ਵਧਣ ਤੇ ਮੰਗ ਘੱਟ ਹੋਣ ਨਾਲ ਫਸਲਾਂ ਦੇ ਮੁੱਲ ਡਿੱਗ ਜਾਂਦੇ ਹਨ। ਅਜਿਹੇ 'ਚ ਸਰਕਾਰ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਫਸਲ ਦਾ ਮੁੱਲ ਦਿਵਾਉਣ ਲਈ ਵੀ ਸੂਬਿਆਂ ਨਾਲ ਗੱਲਬਾਤ ਕਰਨ ਦੀ ਤਿਆਰੀ ਕਰ ਰਹੀ ਹੈ। ਉਹ ਮੱਧ ਪ੍ਰਦੇਸ਼ ਦੀ ਭਾਵਾਂਤਰ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕਰਨਾ ਚਾਹੁੰਦੀ ਹੈ, ਤਾਂ ਕਿ ਕਿਸਾਨਾਂ ਨੂੰ ਐੱਮ. ਐੱਸ. ਪੀ. ਅਤੇ ਬਾਜ਼ਾਰ ਰੇਟ 'ਚ ਫਰਕ ਹੋਣ 'ਤੇ ਨੁਕਸਾਨ ਨਾ ਹੋਵੇ। ਕੇਂਦਰ ਇਸ ਮਦ 'ਚ ਪੈਸੇ ਦਾ ਪ੍ਰਬੰਧ ਕਰਨ ਲਈ ਸੂਬਿਆਂ ਨਾਲ ਗੱਲ ਕਰੇਗਾ।