ਦਾਲਾਂ ਦੇ ਰੇਟ ‘ਚ ਪਹਿਲੀ ਵਾਰ ਆਈ ਰਿਕਾਰਡ ਦਰਜ਼ ਗਿਰਾਵਟ

ਦਾਲਾਂ ਦੇ ਰੇਟ ‘ਚ ਪਹਿਲੀ ਵਾਰ ਆਈ ਰਿਕਾਰਡ ਦਰਜ਼ ਗਿਰਾਵਟ

ਚੰਡੀਗੜ੍ਹ— ਪਿਛਲੇ ਕਈ ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਦਾਲਾਂ ਦੇ ਰੇਟ 'ਚ ਰਿਕਾਰਡ ਗਿਰਾਵਟ ਆਈ ਹੈ। ਹੋਲਸੇਲ (ਥੋਕ) ਬਾਜ਼ਾਰ 'ਚ ਪ੍ਰਮੁੱਖ ਦਾਲਾਂ ਦੇ ਮੁੱਲ 'ਚ 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਇਸ ਨਾਲ ਕਾਰੋਬਾਰੀ ਤਾਂ ਪ੍ਰੇਸ਼ਾਨ ਹੀ ਹਨ, ਕਿਸਾਨਾਂ ਦੇ ਮੱਥੇ 'ਤੇ ਵੀ ਚਿੰਤਾਂ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਚਿੰਤਾ ਇਸ ਲਈ ਵਧ ਗਈ ਹੈ ਕਿਉਂਕਿ ਜਲਦ ਬਾਜ਼ਾਰ 'ਚ ਅਗਲੀ ਫਸਲ ਆਉਣ ਵਾਲੀ ਹੈ। ਅਜਿਹੇ 'ਚ ਉਨ੍ਹਾਂ ਨੂੰ ਫਸਲ ਦੀ ਸਹੀ ਕੀਮਤ ਮਿਲਣਾ ਔਖਾ ਹੋ ਸਕਦਾ ਹੈ। ਦਾਲਾਂ ਦੇ ਮੁੱਲ ਹਮੇਸ਼ਾ ਅਸਮਾਨ 'ਤੇ ਰਹੇ ਹਨ ਅਤੇ ਇਸ ਦੇ ਮੁੱਲ ਕਾਬੂ 'ਚ ਰੱਖਣ ਲਈ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪਿਛਲੇ ਦੋ ਸਾਲਾਂ 'ਚ ਤਾਂ ਦਾਲਾਂ ਦੇ ਮੁੱਲ ਇੰਨੇ ਵਧੇ ਕਿ ਇਹ ਆਮ ਆਦਮੀ ਦੀ ਥਾਲੀ 'ਚੋਂ ਗਾਇਬ ਹੋ ਗਈ ਸੀ ਪਰ ਹੈਰਾਨੀਜਨਕ ਢੰਗ ਨਾਲ ਪਿਛਲੇ ਦੋ ਮਹੀਨਿਆਂ ਦੌਰਾਨ ਦਾਲਾਂ ਦੇ ਮੁੱਲ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।


ਜਾਣਕਾਰੀ ਮੁਤਾਬਕ, ਛੋਲਿਆਂ ਦਾ ਮੁੱਲ 50.51 ਰੁਪਏ ਪ੍ਰਤੀ ਕਿਲੋ 'ਤੇ ਆ ਗਿਆ ਹੈ, ਜਿਹੜਾ ਦੋ ਮਹੀਨੇ ਪਹਿਲਾਂ 75 ਰੁਪਏ ਸੀ। ਇਸੇ ਤਰ੍ਹਾਂ ਚਿੱਟੇ ਛੋਲੇ 125 ਰੁਪਏ ਤੋਂ ਡਿੱਗ ਕੇ 85 ਰੁਪਏ, ਮਸਰ 78.79 ਤੋਂ ਹੇਠਾਂ 51 ਰੁਪਏ ਪ੍ਰਤੀ ਕਿਲੋ ਅਤੇ ਮਾਹ ਸਾਬਤ 80 ਰੁਪਏ ਤੋਂ ਘੱਟ ਕੇ 52.53 ਰੁਪਏ ਪ੍ਰਤੀ ਕਿਲੋ 'ਤੇ ਆ ਗਏ ਹਨ। ਮੂੰਗੀ ਧੋਤੀ ਦਾਲ ਵੀ 65 ਰੁਪਏ ਕਿਲੋ 'ਤੇ ਆ ਗਈ ਹੈ, ਜੋ 2 ਮਹੀਨੇ ਪਹਿਲਾਂ 85 ਰੁਪਏ 'ਤੇ ਵਿਕ ਰਹੀ ਸੀ। ਕਾਲੇ ਛੋਲੇ 50.51 ਰੁਪਏ 'ਤੇ ਵਿਕ ਰਹੇ ਹਨ, ਜੋ ਪਹਿਲਾਂ 85 ਰੁਪਏ 'ਤੇ ਸਨ। ਇਸੇ ਤਰ੍ਹਾਂ ਰਾਜਮਾਹ 88 ਰੁਪਏ ਪ੍ਰਤੀ ਕਿਲੋ ਅਤੇ ਅਰਹਰ 55 ਰੁਪਏ ਪ੍ਰਤੀ ਕਿਲੋ 'ਤੇ ਆ ਗਏ ਹਨ। ਹਾਲਾਂਕਿ ਦਾਲਾਂ ਦੇ ਮੁੱਲ ਥੋਕ ਬਾਜ਼ਾਰ 'ਚ ਬੇਸ਼ੱਕ 25 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਹਨ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਪ੍ਰਚੂਨ ਬਾਜ਼ਾਰ 'ਚ ਦਾਲਾਂ ਦੇ ਮੁੱਲ ਓਨੇ ਹੀ ਹਨ, ਜਿੰਨੇ ਪਹਿਲਾਂ ਸਨ।


ਕਿਉਂ ਆਈ ਕੀਮਤਾਂ 'ਚ ਗਿਰਾਵਟ?
ਪਿਛਲੇ ਸਾਲ ਦਾਲਾਂ ਦਾ ਰਿਕਾਰਡ 2 ਕਰੋੜ 30 ਲੱਖ ਟਨ ਉਤਪਾਦਨ ਹੋਇਆ ਸੀ। ਉੱਥੇ ਹੀ ਕੌਮਾਂਤਰੀ ਬਾਜ਼ਾਰ 'ਚ ਦਾਲਾਂ ਦੇ ਰੇਟ ਘੱਟ ਹੋਣ ਕਾਰਨ ਦਰਾਮਦ (ਇੰਪੋਰਟ) ਵੀ ਜਾਰੀ ਰਹੀ। ਹੁਣ ਫਰਵਰੀ 'ਚ ਦਾਲਾਂ ਦੀ ਨਵੀਂ ਫਸਲ ਆਉਣ ਵਾਲੀ ਹੈ। ਇਸ ਲਈ ਕਾਰੋਬਾਰੀਆਂ ਨੇ ਪਹਿਲੇ ਸਟਾਕ ਨੂੰ ਕੱਢ ਦਿੱਤਾ ਕਿਉਂਕਿ ਨਵੀਂ ਫਸਲ ਆਉਣ ਨਾਲ ਕੀਮਤਾਂ ਹੋਰ ਡਿੱਗਣ ਦਾ ਖਦਸ਼ਾ ਸੀ। ਇਸ ਵਾਰ ਪਿਛਲੇ ਸਾਲ ਦੀ ਤਰ੍ਹਾਂ ਚੰਗੀ ਫਸਲ ਹੋਣ ਦੀ ਉਮੀਦ ਹੈ, ਜਿਸ ਦੇ ਮੱਦੇਨਜ਼ਰ ਦਾਲਾਂ ਦੀਆਂ ਕੀਮਤਾਂ ਕਾਫੀ ਡਿੱਗ ਚੁੱਕੀਆਂ ਹਨ।


ਸਰਕਾਰ ਨੇ ਲਾਈ 30 ਫੀਸਦੀ ਦਰਾਮਦ ਡਿਊਟੀ
ਦਾਲਾਂ ਦੇ ਮੁੱਲ 'ਚ ਗਿਰਾਵਟ ਕਾਰਨ ਕੇਂਦਰ ਸਰਕਾਰ ਵੀ ਚਿੰਤਤ ਹੋ ਗਈ ਹੈ। ਕੇਂਦਰ ਨੇ ਦਾਲਾਂ ਦੇ ਮੁੱਲ 'ਚ ਗਿਰਾਵਟ ਰੋਕਣ ਲਈ ਕਈ ਕਦਮ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਕਦਮਾਂ ਤਹਿਤ ਪਿਛਲੇ ਦਿਨਾਂ ਛੋਲਿਆਂ ਅਤੇ ਮਸਰ ਦੀ ਦਾਲ 'ਤੇ 30 ਫੀਸਦੀ ਦਰਾਮਦ ਡਿਊਟੀ (ਇੰਪੋਰਟ ਡਿਊਟੀ) ਲਗਾਈ ਗਈ ਹੈ, ਤਾਂ ਕਿ ਇਨ੍ਹਾਂ ਦੀ ਦਰਾਮਦ ਰੁਕ ਸਕੇ। ਕਿਸਾਨ ਸੰਗਠਨਾਂ ਨੇ ਇਸ ਸੰਬੰਧ 'ਚ ਸਰਕਾਰ ਨੂੰ ਬੇਨਤੀ ਕੀਤੀ ਸੀ ਕਿਉਂਕਿ ਇਸ ਵਾਰ ਛੋਲੇ ਅਤੇ ਮਸਰ ਦੀ ਫਸਲ ਕਾਫੀ ਚੰਗੀ ਹੋਣ ਦੀ ਉਮੀਦ ਹੈ। ਦਰਾਮਦ ਡਿਊਟੀ ਵਧਣ ਨਾਲ ਬਾਹਰੋਂ ਦਾਲਾਂ ਦੀ ਖਰੀਦ ਘੱਟ ਹੋਵੇਗੀ, ਜਿਸ ਨਾਲ ਬਾਜ਼ਾਰ 'ਚ ਕਿਸਾਨਾਂ ਨੂੰ ਸਹੀ ਮੁੱਲ ਮਿਲ ਸਕੇਗਾ।