ਬਚਤ ਬਾਂਡ ਹੋਇਆ ਲਾਂਚ , FD ਤੋਂ ਜ਼ਿਆਦਾ ਮਿਲੇਗਾ ਵਿਆਜ

ਬਚਤ ਬਾਂਡ ਹੋਇਆ ਲਾਂਚ , FD ਤੋਂ ਜ਼ਿਆਦਾ ਮਿਲੇਗਾ ਵਿਆਜ

 ਨਵੀਂ ਦਿੱਲੀ— ਸਰਕਾਰ ਨੇ ਵੀਰਵਾਰ ਨੂੰ ਨਵਾਂ 'ਬਚਤ ਬਾਂਡ (ਸੇਵਿੰਗ ਬਾਂਡ)' ਲਾਂਚ ਕੀਤਾ ਹੈ, ਜਿਸ 'ਚ ਪੈਸਾ ਨਿਵੇਸ਼ ਕਰਨ 'ਤੇ ਸਾਲਾਨਾ 7.75 ਫੀਸਦੀ ਵਿਆਜ ਮਿਲੇਗਾ। ਇਹ ਵਿਆਜ ਮੌਜੂਦਾ ਸਮੇਂ ਬੈਂਕਾਂ 'ਚ ਐੱਫ. ਡੀ. 'ਤੇ ਮਿਲ ਰਹੇ ਵਿਆਜ ਨਾਲੋਂ ਜ਼ਿਆਦਾ ਹੈ। ਐੱਫ. ਡੀ. 'ਤੇ ਬੈਂਕਾਂ ਵੱਲੋਂ 6.25 ਫੀਸਦੀ ਤੋਂ ਲੈ ਕੇ 7 ਫੀਸਦੀ ਤਕ ਵਿਆਜ ਦਿੱਤਾ ਜਾ ਰਿਹਾ ਹੈ। ਬਚਤ ਬਾਂਡ 10 ਜਨਵਰੀ 2018 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਸਕੀਮ 'ਚ ਘੱਟ-ਘੱਟ 1000 ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ, ਜਦੋਂ ਕਿ ਵਧ ਤੋਂ ਵਧ ਨਿਵੇਸ਼ ਕਰਨ ਦੀ ਕੋਈ ਲਿਮਟ ਨਹੀਂ ਹੈ, ਯਾਨੀ ਨਿਵੇਸ਼ਕ ਜਿੰਨਾਂ ਚਾਹੁਣ ਪੈਸਾ ਨਿਵੇਸ਼ ਕਰ ਸਕਦੇ ਹਨ। ਹਾਲਾਂਕਿ ਇਸ ਸਕੀਮ 'ਚ ਐੱਨ. ਆਰ. ਆਈਜ਼. ਨਿਵੇਸ਼ ਨਹੀਂ ਕਰ ਸਕਦੇ ਅਤੇ ਇਹ ਸਿਰਫ ਭਾਰਤੀ ਨਾਗਰਿਕਾਂ ਲਈ ਹੀ ਉਪਲੱਬਧ ਹੋਣਗੇ। ਇਹ ਬਚਤ ਬਾਂਡ ਸਿਰਫ ਡੀਮੈਟ ਰੂਪ 'ਚ ਜਾਰੀ ਕੀਤੇ ਜਾਣਗੇ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਬਾਂਡ ਦੀ ਮਿਆਦ 7 ਸਾਲ ਹੋਵੇਗੀ। ਜੇਕਰ ਤੁਸੀਂ 1000 ਰੁਪਏ ਦਾ ਸੇਵਿੰਗ ਬਾਂਡ ਖਰੀਦਦੇ ਹੋ ਤਾਂ 7.75 ਫੀਸਦੀ ਵਿਆਜ ਦੇ ਹਿਸਾਬ ਨਾਲ 7 ਸਾਲ ਬਾਅਦ ਤੁਹਾਨੂੰ 1703 ਰੁਪਏ ਮਿਲਣਗੇ। ਹਾਲਾਂਕਿ ਇਹ ਬਾਂਡ ਟੈਕਸ ਯੋਗ ਹੋਣਗੇ, ਯਾਨੀ ਜੋ ਕਮਾਈ ਤੁਸੀਂ ਇਸ 'ਤੇ ਕਰੋਗੇ ਉਸ 'ਚੋਂ ਟੈਕਸ ਕੱਟਿਆ ਜਾਵੇਗਾ। ਇਹ ਬਾਂਡ ਮਨੋਨੀਤ ਬੈਂਕਾਂ ਅਤੇ ਐੱਸ. ਐੱਚ. ਸੀ. ਆਈ. ਐੱਲ. 'ਚ ਪ੍ਰਾਪਤ ਕੀਤਾ ਜਾ ਸਕੇਗਾ।