ਭਾਰਤੀ ਰੇਲ ਹੋਵੇਗੀ ਬ੍ਰਾਡਗੇਜ, 600 ਸਟੇਸ਼ਨ ਬਣਨਗੇ ਹਾਈਟੈੱਕ

ਭਾਰਤੀ ਰੇਲ ਹੋਵੇਗੀ ਬ੍ਰਾਡਗੇਜ, 600 ਸਟੇਸ਼ਨ ਬਣਨਗੇ ਹਾਈਟੈੱਕ

ਨਵੀਂ ਦਿੱਲੀ :  ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਰਤੀ ਰੇਲਵੇ ਲਈ 1 ਲੱਖ 48 ਹਜ਼ਾਰ ਕਰੋੜ ਰੁਪਏ ਅਲਾਟ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਨੂੰ ਲੈ ਕੇ ਸਭ ਤੋਂ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਦੱਸਿਆ ਕਿ ਭਾਰਤੀ ਰੇਲਵੇ ਨੂੰ ਪੂਰੀ ਤਰ੍ਹਾਂ ਬ੍ਰਾਡਗੇਜ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਟੀਚਾ ਸੁਰੱਖਿਆ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਬਜਟ ਦਾ ਵੱਡਾ ਹਿੱਸਾ ਪਟੜੀ ਅਤੇ ਗੇਜ ਬਦਲਣ ਦੇ ਕੰਮ ਵਿਚ ਇਸਤੇਮਾਲ ਕੀਤਾ ਜਾਵਾਗਾ। 5 ਹਜ਼ਾਰ ਕਿਲੋਮੀਟਰ ਲਾਈਨ ਦੇ ਗੇਜ ਤਬਦੀਲੀ ਦਾ ਕੰਮ ਚਲ ਰਿਹਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਛੋਟੀਆਂ ਲਾਈਨਾਂ ਨੂੰ ਵੱਡੀਆਂ ਲਾਈਨਾਂ ਵਿਚ ਬਦਲਣ ਦਾ ਕੰਮ ਪੂਰਾ ਕੀਤਾ ਜਾ ਰਿਹਾ ਹੈ।

ਇਸ ਦਿਸ਼ਾ ਵਿਚ ਪੂਰੀ ਤੇਜ਼ੀ ਨਾਲ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 700 ਨਵੇਂ ਰੇਲ ਇੰਜਣ ਅਤੇ 3160 ਨਵੇਂ ਕੋਚ ਤਿਆਰ ਕੀਤੇ ਜਾਣਗੇ। ਸੁਰੱਖਿਆ ਦੇ ਇੰਤਜ਼ਾਮਾਂ 'ਤੇ ਗੱਲ ਕਰਦੇ ਹੋਏ ਉਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਵਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਾਲ 600 ਰੇਲਵੇ ਸਟੇਸ਼ਨਾਂ ਨੂੰ ਹਾਈਟੈੱਕ ਬਣਾਉਣ ਦਾ ਕੰਮ ਕੀਤਾ ਜਾਵੇਗਾ। ਸੁੰਦਰੀਕਰਨ ਤੋਂ ਇਲਾਵਾ ਸਟੇਸ਼ਨਾਂ 'ਤੇ ਐਸਕੇਲੇਟਰਸ ਬਣਾਉਣ ਦੀ ਵੀ ਯੋਜਨਾ ਹੈ। ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਰੱਖ-ਰਖਾਅ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

3600 ਕਿਲੋਮੀਟਰ ਟਰੈਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। 40 ਹਜ਼ਾਰ ਕਰੋੜ ਰੁਪਏ ਐਲੀਵੇਟਿਡ ਕਾਰੀਡੋਰ ਦੇ ਨਿਰਮਾਣ 'ਤੇ ਖਰਚ ਕੀਤੇ ਜਾਣਗੇ। ਮੁੰਬਈ ਰੇਲਵੇ ਨੂੰ ਸ਼ਹਿਰ ਦੀ ਲਾਈਫਲਾਈਨ ਦੱਸਦੇ ਹੋਏ ਮੁੰਬਈ ਲੋਕਲ ਦਾ ਦਾਇਰਾ 90 ਕਿਲੋਮੀਟਰ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਬੈਂਗਲੁਰੂ ਉਪ ਨਗਰ ਰੇਲ ਸੇਵਾ ਦੀ ਤਰੱਕੀ ਲਈ 1700 ਕਰੋੜ ਰੁਪਏ ਦੀ ਯੋਜਨਾ ਦਾ ਵੀ ਪ੍ਰਸਤਾਵ ਦਿੱਤਾ ਹੈ। ਵਿੱਤ ਮੰਤਰੀ ਨੇ ਸਾਰੀਆਂ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਵਾਈ-ਫਾਈ ਭਰਪੂਰ ਬਣਾਉਣ, 25000 ਯਾਤਰੀਆਂ ਦੇ ਆਉਣ-ਜਾਣ ਵਾਲੇ ਰੇਲਵੇ ਸੇਟਸ਼ਨਾਂ 'ਤੇ ਸਵੈ-ਚਾਲਿਤ ਪੌੜੀਆਂ (ਐਸਕੇਲੇਟਰਸ) ਲਾਉਣ ਅਤੇ 600 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕਰਨ ਦਾ ਵੀ ਐਲਾਨ ਕੀਤਾ।
ਰੇਲਵੇ ਲਈ 18 ਸਕੂਲ ਅਤੇ 1 ਯੂਨੀਵਰਸਿਟੀ ਬਣੇਗੀ
ਵਿੱਤ ਅਰੁਣ ਜੇਤਲੀ ਨੇ ਰੇਲਵੇ ਨੂੰ ਬਿਹਤਰ ਬਣਾਉਣ ਲਈ ਇਕ ਰੇਲਵੇ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ। ਇਹ ਯੂਨੀਵਰਸਿਟੀ ਗੁਜਰਾਤ ਦੇ ਸ਼ਹਿਰ ਵਡੋਦਰਾ ਵਿਚ ਸਥਾਪਿਤ ਹੋਵੇਗੀ। ਜੇਤਲੀ ਨੇ ਰੇਲਵੇ ਲਈ 18 ਸਕੂਲ ਵੀ ਖੋਲ੍ਹਣ ਦਾ ਵੀ ਐਲਾਨ ਕੀਤਾ। ਇਹ ਸਕੂਲ ਦੇਸ਼ ਦੇ ਆਈ. ਆਈ. ਟੀ. ਸੰਸਥਾਵਾਂ 'ਚ ਖੋਲ੍ਹੇ ਜਾਣਗੇ। ਇਨ੍ਹਾਂ ਸਕੂਲਾਂ ਵਿਚ ਰੇਲਵੇ ਦੇ ਇਨਫਰਾਸਟਰੱਕਚਰ ਅਤੇ ਪਲਾਨਿੰਗ ਦਾ ਕੰਮ ਹੋਵੇਗਾ।