ਹੁਣ ਬਿਨਾਂ ਆਧਾਰ ਨਹੀਂ ਹੋਣਗੇ ਇਹ ਆਨਲਾਈਨ ਕੰਮ

ਹੁਣ ਬਿਨਾਂ ਆਧਾਰ ਨਹੀਂ ਹੋਣਗੇ ਇਹ ਆਨਲਾਈਨ ਕੰਮ

ਨਵੀਂ ਦਿੱਲੀ— ਜੇਕਰ ਤੁਸੀਂ ਆਨਲਾਈਨ ਸਰਵਿਸਿਜ਼ ਦਾ ਇਸਤੇਮਾਲ ਕਰਦੇ ਹੋ ਅਤੇ ਅਜੇ ਤਕ ਤੁਸੀਂ ਆਧਾਰ ਕਾਰਡ ਨਹੀਂ ਬਣਵਾਇਆ ਹੈ, ਤਾਂ ਸਭ ਤੋਂ ਪਹਿਲਾਂ ਇਹ ਕੰਮ ਕਰ ਲਓ ਕਿਉਂਕਿ ਹੁਣ ਦੇਸ਼ 'ਚ ਆਨਲਾਈਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਵੀ ਆਧਾਰ ਕਾਰਡ ਜ਼ਰੂਰੀ ਕਰ ਰਹੀਆਂ ਹਨ। ਸਰਕਾਰ ਵੱਲੋਂ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਲਈ ਆਧਾਰ ਨੰਬਰ ਜ਼ਰੂਰੀ ਕੀਤੇ ਜਾਣ ਤੋਂ ਬਾਅਦ ਹੁਣ ਕਈ ਕੰਪਨੀਆਂ ਨੇ ਵੀ ਆਧਾਰ ਨੰਬਰ ਮੰਗਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ 'ਚ ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ ਐਮਾਜ਼ੋਨ ਵੀ ਸ਼ਾਮਲ ਹੋ ਗਈ ਹੈ। ਐਮਾਜ਼ੋਨ ਆਪਣੇ ਗਾਹਕਾਂ ਨੂੰ ਖਰੀਦਦਾਰੀ ਕਰਦੇ ਸਮੇਂ ਆਧਾਰ ਨੰਬਰ ਅਪਲੋਡ ਕਰਨ ਨੂੰ ਕਹਿ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਆਧਾਰ ਨੰਬਰ ਨਾਲ ਗਾਹਕਾਂ ਦੇ ਖੋਹ ਜਾਣ ਵਾਲੇ ਸਾਮਾਨ ਨੂੰ ਭਾਲਣਾ ਆਸਾਨ ਹੋਵੇਗਾ। ਉੱਥੇ ਹੀ, ਬੇਂਗਲੁਰੂ 'ਚ ਕਿਰਾਏ 'ਤੇ ਕਾਰ ਦੇਣ ਵਾਲੀ ਕੰਪਨੀ ਜ਼ੂਮਕਾਰ ਨੇ ਵੀ ਆਪਣੀ ਬੁਕਿੰਗ ਲਈ ਆਧਾਰ ਨੂੰ ਜ਼ਰੂਰੀ ਕਰ ਦਿੱਤਾ ਹੈ, ਯਾਨੀ ਕਿ ਆਉਣ ਵਾਲੇ ਦਿਨਾਂ 'ਚ ਆਨਲਾਈਨ ਬੁਕਿੰਗ ਜਾਂ ਖਰੀਦਦਾਰੀ ਲਈ ਸੰਬੰਧਤ ਕੰਪਨੀਆਂ ਵੱਲੋਂ ਆਧਾਰ ਕਾਰਡ ਮੰਗਿਆ ਜਾ ਸਕਦਾ ਹੈ। ਅਜਿਹੇ 'ਚ ਆਨਲਾਈਨ ਯੂਜ਼ਰਾਂ 'ਤੇ ਆਧਾਰ ਨੂੰ ਲੈ ਕੇ ਬੋਝ ਵਧੇਗਾ।

ਐਮਾਜ਼ੋਨ ਦੇ ਬੁਲਾਰੇ ਨੇ ਕਿਹਾ ਕਿ ਗਾਹਕਾਂ ਦੀ ਪਛਾਣ ਲਈ ਅਧਿਕਾਰਤ ਪਛਾਣ ਸਬੂਤ ਦੀ ਖਾਸੀ ਜ਼ਰੂਰਤ ਪੈਂਦੀ ਹੈ। ਇਸ ਲਈ ਅਸੀਂ ਆਪਣੇ ਗਾਹਕਾਂ ਨੂੰ ਸਰਕਾਰ ਵੱਲੋਂ ਜਾਰੀ ਸਰਕਾਰੀ ਪਛਾਣ ਦਸਤਾਵੇਜ਼ ਅਪਲੋਡ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅੱਜ ਦੇ ਦੌਰ 'ਚ ਆਧਾਰ ਨੰਬਰ ਦੇਸ਼ ਭਰ 'ਚ ਸਵੀਕਾਰ ਕਰਨ ਯੋਗ ਹੈ। ਇਸ ਲਈ ਅਸੀਂ ਇਸ ਨੂੰ ਤਰਜੀਹ ਦੇ ਰਹੇ ਹਾਂ। ਹਾਲਾਂਕਿ ਐਮਾਜ਼ੋਨ ਨੇ ਮੰਨਿਆ ਕਿ ਫਿਲਹਾਲ ਉਹ ਬਿਨਾਂ ਆਧਾਰ ਦੇ ਵੀ ਆਪਣੇ ਸਾਮਾਨਾਂ ਦੀ ਡਲਿਵਰੀ ਗਾਹਕਾਂ ਤਕ ਪਹੁੰਚਾਏਗਾ। ਦੂਜੇ ਪਾਸੇ ਜ਼ੂਮਕਾਰ ਨੇ ਕਿਰਾਏ 'ਤੇ ਵਾਹਨ ਲੈਣ ਲਈ ਆਧਾਰ ਕਾਰਡ ਜ਼ਰੂਰੀ ਕੀਤਾ ਹੈ ਅਤੇ ਬਿਨਾਂ ਇਸ ਦੇ ਕੋਈ ਵਾਹਨ ਬੁਕਿੰਗ ਨਹੀਂ ਕਰਾ ਸਕਦਾ। ਉੱਥੇ ਹੀ, ਮੋਬਾਇਲ ਵਾਲਿਟ ਪੇਟੀਐੱਮ ਵੀ ਆਪਣੇ ਗਾਹਕਾਂ ਨੂੰ ਆਧਾਰ ਲਿੰਕ ਕਰਨ ਦੀ ਬੇਨਤੀ ਕਰ ਰਿਹਾ ਹੈ। ਮੌਜੂਦਾ ਸਮੇਂ ਸਰਕਾਰੀ ਸਬਸਿਡੀ, ਬੈਂਕ ਖਾਤੇ ਅਤੇ ਫੋਨ ਕੁਨੈਕਸ਼ਨ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬੈਕਿੰਗ ਸੇਵਾਵਾਂ ਦਾ ਫਾਇਦਾ ਲੈਣ ਲਈ ਇਸ ਸਾਲ ਦੇ ਅਖੀਰ ਤਕ ਬੈਂਕ ਖਾਤੇ ਨਾਲ ਆਧਾਰ ਲਿੰਕ ਕਰਨਾ ਹੋਵੇਗਾ।