ਹਵਾਈ ਸਫਰ ਲਈ ਹੁਣ ਜ਼ਰੂਰੀ ਹੋਣਗੇ ਇਹ ਦਸਤਾਵੇਜ਼!

ਹਵਾਈ ਸਫਰ ਲਈ ਹੁਣ ਜ਼ਰੂਰੀ ਹੋਣਗੇ ਇਹ ਦਸਤਾਵੇਜ਼!

 

ਨਵੀਂ ਦਿੱਲੀ— ਕੇਂਦਰ ਸਰਕਾਰ ਵੱਲੋਂ ਉਡਾਣ ਭਰਨ ਲਈ ਨਵੇਂ ਨਿਯਮਾਂ ਦਾ ਐਲਾਨ ਸ਼ੁੱਕਰਵਾਰ ਨੂੰ ਹੋਵੇਗਾ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ 'ਤੇ ਕਿਸੇ ਵੀ ਯਾਤਰੀ ਲਈ ਘਰੇਲੂ ਉਡਾਣ ਦੀ ਟਿਕਟ ਬੁੱਕ ਕਰਾਉਂਦੇ ਸਮੇਂ ਕਿਸੇ ਸਰਕਾਰੀ ਪਛਾਣ ਪੱਤਰ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਟਿਕਟ ਬੁਕਿੰਗ ਲਈ ਤੁਹਾਨੂੰ ਆਪਣੇ ਆਧਾਰ ਨੰਬਰ, ਡਰਾਈਵਿੰਗ ਲਾਈਸੈਂਸ, ਪਾਸਪੋਰਟ ਜਾਂ ਪੈਨ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ।

ਇਸ ਦੇ ਇਲਾਵਾ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੋਟਰ ਕਾਰਡ ਨੂੰ ਵੀ ਸਵੀਕਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ 'ਤੇ ਅੰਤਿਮ ਫੈਸਲਾ ਹੋਣਾ ਬਾਕੀ ਹੈ। ਕੌਮਾਂਤਰੀ ਉਡਾਣਾਂ ਲਈ ਪਾਸਪੋਰਟ ਨੰਬਰ ਪਹਿਲਾਂ ਦੀ ਤਰ੍ਹਾਂ ਹੀ ਜ਼ਰੂਰੀ ਹੋਵੇਗਾ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਭਾਰਤ ਵੀ ਸੁਰੱਖਿਆ ਮਿਆਰਾਂ ਨੂੰ ਧਿਆਨ 'ਚ ਰੱਖਦੇ ਹੋਏ 'ਨੋ ਫਲਾਈ' ਲਿਸਟ ਤਿਆਰ ਕਰਨ ਜਾ ਰਿਹਾ ਹੈ। ਕਈ ਹੋਰ ਦੇਸ਼ਾਂ ਨੇ ਵੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਜਿਹਾ ਕੀਤਾ ਹੈ। ਸ਼ੁੱਕਰਵਾਰ ਨੂੰ ਨਵੇਂ ਨਿਯਮਾਂ ਦਾ ਐਲਾਨ ਕੀਤਾ ਜਾਵੇਗਾ।


ਮੰਤਰੀ ਨੇ ਦੱਸਿਆ ਕਿ 'ਨੋ ਫਲਾਈ' ਲਿਸਟ ਤਿਆਰ ਕਰਨ 'ਚ ਦੇਰੀ ਇਹ ਪੱਕਾ ਕਰਨ 'ਚ ਹੋਈ ਹੈ ਕਿ ਕਿਵੇਂ ਸੂਚੀ 'ਚ ਸ਼ਾਮਲ ਕਿਸੇ ਵਿਅਕਤੀ ਨੂੰ ਹਵਾਈ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਸਿਨਹਾ ਨੇ ਕਿਹਾ ਕਿ ਅਸੀਂ ਡੀ. ਜੀ. ਸੀ. ਏ. ਤਹਿਤ ਕੁਝ ਨਿਯਮ ਤਿਆਰ ਕਰਨ ਜਾ ਰਹੇ ਹਾਂ। ਇਸ ਤਹਿਤ ਲੋਕਾਂ ਨੂੰ ਟਿਕਟ ਬੁੱਕ ਕਰਾਉਂਦੇ ਸਮੇਂ ਕੁਝ ਪਛਾਣ ਪੱਤਰਾਂ ਦੇ ਨੰਬਰ ਦੱਸਣੇ ਹੋਣਗੇ। ਆਧਾਰ ਨੰਬਰ ਦੇਣ ਵਾਲੇ ਲੋਕ ਜਲਦੀ ਹੀ ਡਿਜੀਟਲ ਯਾਤਰਾ ਕਾਰਡ ਲੈ ਸਕਣਗੇ।