RBI ਨੇ ਦਿੱਤੀ ਵੱਡੀ ਰਾਹਤ, ਡੈਬਿਟ ਕਾਰਡ ਨਾਲ ਲੈਣ-ਦੇਣ ਹੋਵੇਗਾ ਆਸਾਨ

RBI ਨੇ ਦਿੱਤੀ ਵੱਡੀ ਰਾਹਤ, ਡੈਬਿਟ ਕਾਰਡ ਨਾਲ ਲੈਣ-ਦੇਣ ਹੋਵੇਗਾ ਆਸਾਨ

ਨਵੀਂ ਦਿੱਲੀ— ਡਿਜੀਟਲ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਕਾਰਡ ਟ੍ਰਾਂਜੈਕਸ਼ਨ 'ਤੇ ਚਾਰਜ 'ਚ ਅਹਿਮ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਯਾਨੀ ਉਹ ਚਾਰਜ ਜੋ ਬੈਂਕ ਕਾਰਡ ਜ਼ਰੀਏ ਪੇਮੈਂਟ 'ਤੇ ਵਸੂਲਦੇ ਹਨ, ਨੂੰ ਤਰਕਸੰਗਤ ਕਰ ਦਿੱਤਾ ਹੈ। ਇਸ ਨਾਲ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਕਾਰਡ ਜ਼ਰੀਏ ਪੇਮੈਂਟ ਸਵੀਕਾਰ ਕਰਨ 'ਤੇ ਬੈਂਕਾਂ ਵੱਲੋਂ ਉਨ੍ਹਾਂ ਕੋਲੋਂ ਜ਼ਿਆਦਾ ਚਾਰਜ ਨਹੀਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਕਿਸੇ ਖਰੀਦਦਾਰੀ ਦਾ ਭੁਗਤਾਨ ਉਹ ਡੈਬਿਟ ਕਾਰਡ ਜ਼ਰੀਏ ਕਰਨਗੇ ਤਾਂ ਦੁਕਾਨਦਾਰਾਂ ਵੱਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਭਾਰਤੀ ਰਿਜ਼ਰਵ ਬੈਂਕ ਨੇ ਨਵੀਂ ਵਿਵਸਥਾ ਤਹਿਤ ਦੁਕਾਨਦਾਰਾਂ ਨੂੰ ਦੋ ਸ਼੍ਰੇਣੀ 'ਚ ਵੰਡਿਆ ਹੈ। ਪਹਿਲੀ ਸ਼੍ਰੇਣੀ ਤਹਿਤ ਛੋਟੇ ਦੁਕਾਨਦਾਰ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਏ ਟ੍ਰਾਂਜੈਕਸ਼ਨ 'ਤੇ ਸਿਰਫ 0.40 ਚਾਰਜ ਦੇਣਾ ਹੋਵੇਗਾ। ਇਸ ਦੇ ਇਲਾਵਾ ਵਧ ਤੋਂ ਵਧ ਚਾਰਜ ਦੀ ਲਿਮਟ 200 ਰੁਪਏ ਰੱਖੀ ਗਈ ਹੈ। ਦੂਜੇ ਸ਼ਬਦਾਂ 'ਚ 50,000 ਰੁਪਏ ਤੋਂ ਉਪਰ ਸਾਰੀਆਂ ਡੈਬਿਟ ਕਾਰਡ ਪੇਮੈਂਟ 'ਤੇ ਦੁਕਾਨਦਾਰਾਂ ਨੂੰ ਸਿਰਫ 200 ਰੁਪਏ ਹੀ ਦੇਣੇ ਪੈਣਗੇ। ਇਸ ਦੇ ਇਲਾਵਾ ਕਵਿੱਕ ਰਿਸਪਾਂਸ ਕੋਡ ਯਾਨੀ ਕਿਊ. ਆਰ. ਕੋਡ ਜ਼ਰੀਏ ਭੁਗਤਾਨ ਸਵੀਕਾਰ ਕਰਨ 'ਤੇ ਚਾਰਜ 0.30 ਫੀਸਦੀ ਹੋਵੇਗਾ ਅਤੇ ਇਸ 'ਤੇ ਵੀ ਵਧ ਤੋਂ ਵਧ ਲਿਮਟ 200 ਰੁਪਏ ਰੱਖੀ ਗਈ ਹੈ।

ਉੱਥੇ ਹੀ ਵੱਡੇ ਦੁਕਾਨਦਾਰ ਯਾਨੀ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਣ ਵਾਲੀ ਪੇਮੈਂਟ 'ਤੇ 0.90 ਫੀਸਦੀ ਚਾਰਜ ਦੇਣਾ ਹੋਵੇਗਾ। ਵੱਡੇ ਦੁਕਾਨਦਾਰਾਂ ਲਈ ਵਧ ਤੋਂ ਵਧ ਚਾਰਜ ਲਿਮਟ 1,000 ਰੁਪਏ ਰੱਖੀ ਗਈ ਹੈ। ਹਾਲਾਂਕਿ ਕਿਊ. ਆਰ. ਕੋਡ ਜ਼ਰੀਏ ਪੇਮੈਂਟ ਸਵੀਕਾਰ ਕਰਨ 'ਤੇ ਚਾਰਜ ਹੋਰ ਵੀ ਘੱਟ 0.80 ਫੀਸਦੀ ਹੋਵੇਗਾ ਪਰ ਵਧ ਤੋਂ ਵਧ ਲਿਮਟ 1000 ਰੁਪਏ ਹੀ ਰਹੇਗੀ। ਯਾਨੀ ਕਿਊ. ਆਰ. ਜ਼ਰੀਏ ਪੇਮੈਂਟ ਲੈਣ 'ਤੇ ਅਜਿਹੇ ਕਾਰੋਬਾਰੀਆਂ ਨੂੰ ਹੁਣ 0.80 ਫੀਸਦੀ ਚਾਰਜ ਹੀ ਬੈਂਕਾਂ ਨੂੰ ਦੇਣਾ ਹੋਵੇਗਾ, ਜੋ ਪ੍ਰਤੀ ਲੈਣ-ਦੇਣ ਵਧ ਤੋਂ ਵਧ 1000 ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਹੁਕਮ 1 ਜਨਵਰੀ ਤੋਂ ਲਾਗੂ ਹੋ ਜਾਣਗੇ ਅਤੇ ਇਹ ਪੱਕਾ ਕਰਨਾ ਬੈਂਕਾਂ ਦੀ ਜਿੰਮੇਵਾਰੀ ਹੋਵੇਗੀ ਕਿ ਦੁਕਾਨਦਾਰਾਂ ਕੋਲੋਂ ਵਸੂਲਿਆ ਜਾ ਰਿਹਾ ਐੱਮ. ਡੀ. ਆਰ. ਯਾਨੀ ਚਾਰਜ ਤੈਅ ਲਿਮਟ ਤੋਂ ਜ਼ਿਆਦਾ ਨਾ ਹੋਵੇ।