ਬੀਮਾ ਪਾਲਿਸੀ : ਹੁਣ ਕਲੇਮ ਲਈ ਜ਼ਰੂਰੀ ਹੋਣਗੇ ਇਹ ਦਸਤਾਵੇਜ਼

ਬੀਮਾ ਪਾਲਿਸੀ : ਹੁਣ ਕਲੇਮ ਲਈ ਜ਼ਰੂਰੀ ਹੋਣਗੇ ਇਹ ਦਸਤਾਵੇਜ਼

ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਬੀਮਾ ਪਾਲਿਸੀ ਹੈ ਜਾਂ ਤੁਸੀਂ ਨਵੀਂ ਪਾਲਿਸੀ ਲੈਣੀ ਹੈ ਤਾਂ ਹੁਣ ਇਸ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਬੁੱਧਵਾਰ ਨੂੰ ਕਿਹਾ ਕਿ ਬੀਮਾ ਪਾਲਿਸੀ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ। ਇਰਡਾ ਨੇ ਬੀਮਾ ਕੰਪਨੀਆਂ ਨੂੰ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਹੈ। ਉਸ ਨੇ ਕਿਹਾ ਕਿ ਕਾਲਾ ਧਨ ਰੋਕੂ ਐਕਟ ਦੇ ਦੂਜੇ ਸੋਧੇ ਨਿਯਮ-2017 ਤਹਿਤ ਆਧਾਰ ਨੰਬਰ ਨੂੰ ਬੀਮਾ ਪਲਿਸੀ ਨਾਲ ਜੋੜਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਬੀਮਾ ਕਰਤਾ ਪਾਲਿਸੀ ਧਾਰਕ ਦੀ ਕਲੇਮ ਪੇਮੈਂਟ ਨੂੰ ਤਦ ਤਕ ਰੋਕ ਸਕਦੇ ਹਨ ਜਦੋਂ ਤਕ ਕਿ ਪਾਲਿਸੀ ਧਾਰਕ ਆਪਣਾ ਆਧਾਰ ਅਤੇ ਪੈਨ/ਫਾਰਮ-60 ਜਮ੍ਹਾ ਨਹੀਂ ਕਰਾਉਂਦੇ। ਅਜਿਹੇ 'ਚ ਜੇਕਰ ਤੁਸੀਂ ਨਵੇਂ ਸਾਲ 'ਚ ਆਪਣੀ ਜੀਵਨ ਪਾਲਿਸੀ ਦਾ ਕਲੇਮ ਕਰਨ ਵਾਲੇ ਹੋ ਤਾਂ ਤੁਹਾਨੂੰ ਜਲਦ ਪੈਨ ਅਤੇ ਆਧਾਰ ਬੀਮਾ ਪਾਲਿਸੀ ਨਾਲ ਲਿੰਕ ਕਰ ਲੈਣਾ ਚਾਹੀਦਾ ਹੈ, ਤਾਂ ਕਿ ਕੋਈ ਪ੍ਰੇਸ਼ਾਨੀ ਨਾ ਹੋਵੇ। ਇਰਡਾ ਨੇ ਸਾਰੀਆਂ ਜੀਵਨ ਅਤੇ ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਭੇਜੀ ਇਕ ਸੂਚਨਾ 'ਚ ਕਿਹਾ ਹੈ ਕਿ ਇਹ ਨਿਯਮ ਸੰਵਿਧਾਨਕ ਸ਼ਕਤੀ ਹਨ ਅਤੇ ਉਨ੍ਹਾਂ ਨੂੰ ਹੋਰ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਇਨ੍ਹਾਂ ਨੂੰ ਲਾਗੂ ਕਰਨਾ ਹੋਵੇਗਾ। ਯਾਨੀ ਕਿ ਵਾਹਨ ਦਾ ਕਲੇਮ ਵੀ ਤਾਂ ਹੀ ਮਿਲੇਗਾ ਜੇਕਰ ਤੁਸੀਂ ਹੁਣ ਵਾਹਨ ਦੀ ਪਾਲਿਸੀ ਕਰਾਉਂਦੇ ਸਮੇਂ ਉਸ ਨਾਲ ਆਧਾਰ ਲਿੰਕ ਕਰੋਗੇ।

ਜੀਵਨ ਬੀਮਾ ਕਰਤਾਵਾਂ 'ਤੇ ਨਕਦ ਕਲੇਮ ਦੇਣ 'ਤੇ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਹੈ। ਕਲੇਮ ਦੀ ਰਕਮ ਹੁਣ ਬੈਂਕ ਖਾਤੇ 'ਚ ਸਿੱਧੀ ਟਰਾਂਸਫਰ ਕੀਤੀ ਜਾਂਦੀ ਹੈ। ਕਈ ਬੀਮਾ ਕੰਪਨੀਆਂ ਜੀਵਨ ਬੀਮਾ ਪਲਿਸੀ ਲਈ ਪੈਨ ਮੰਗ ਰਹੀਆਂ ਹਨ, ਭਾਵੇਂ ਕਿ ਇਹ 50 ਹਜ਼ਾਰ ਤੋਂ ਉਪਰ ਦੀ ਕਿਸ਼ਤ ਲਈ ਜ਼ਰੂਰੀ ਹੈ। ਬਜਾਜ ਅਲਾਇੰਜ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕਦਮ ਗੈਰ-ਜੀਵਨ ਕੰਪਨੀਆਂ ਲਈ ਬਹੁਤ ਸਾਕਰਾਤਮਕ ਹੋਵੇਗਾ ਕਿਉਂਕਿ ਇਹ ਉਨ੍ਹਾਂ ਨੂੰ ਕਿਸੇ ਵਸਤੂ ਜਾਂ ਇਕਾਈ ਦੀ ਬਜਾਏ ਵਿਅਕਤੀ ਦੇ ਆਧਾਰ 'ਤੇ ਬੀਮਾ ਕਰਨ 'ਚ ਮਦਦ ਕਰੇਗਾ। ਉਦਾਹਰਣ ਵਜੋਂ, ਵਿਕਸਤ ਬਜ਼ਾਰਾਂ ਵਿੱਚ, ਆਟੋ ਇੰਸ਼ੋਰੈਂਸ ਪ੍ਰੀਮੀਅਮ ਵਾਹਨ ਦੀ ਬਜਾਏ ਮਾਲਕ ਦੇ ਟਰੈਕ ਰਿਕਾਰਡ 'ਤੇ ਅਧਾਰਿਤ ਹੈ। ਇਸ ਨਾਲ ਬੀਮਾ ਧੋਖਾਧੜੀ 'ਤੇ ਰੋਕ ਲੱਗੇਗੀ। ਦੇਸ਼ ਭਰ 'ਚ 54 ਬੀਮਾ ਕੰਪਨੀਆਂ ਹਨ, ਜਿਨ੍ਹਾਂ 'ਚ ਜਨਤਕ ਖੇਤਰ ਦੀਆਂ 4 ਨਾਨ-ਲਾਈਫ, ਇਕ ਜੀਵਨ ਅਤੇ ਇਕ ਰੀਇੰਸ਼ੋਰੈਂਸ ਕੰਪਨੀਆਂ ਸ਼ਾਮਲ ਹਨ। ਇਸ ਦੇ ਇਲਾਵਾ ਬਰਾਮਦ ਅਤੇ ਖੇਤੀ ਲਈ ਦੋ ਸਰਕਾਰੀ ਬੀਮਾ ਕਰਤਾ ਹਨ। ਪ੍ਰਾਈਵੇਟ ਸੈਕਟਰ 'ਚ 23 ਜੀਵਨ ਬੀਮਾ, 18 ਜਨਰਲ ਬੀਮਾ ਅਤੇ 5 ਸਿਹਤ ਬੀਮਾ ਕੰਪਨੀਆਂ ਹਨ। ਇਨ੍ਹਾਂ 'ਚੋਂ ਇਕੱਲੇ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ 29 ਕਰੋੜ ਪਾਲਿਸੀ ਧਾਰਕ ਹਨ। ਪਿਛਲੇ ਸਾਲ ਬੀਮਾ ਕਰਤਾ ਕੰਪਨੀਆਂ ਨੇ 2.67 ਕਰੋੜ ਪਾਲਿਸੀਆਂ ਜਾਰੀ ਕੀਤੀਆਂ ਸਨ, ਜਿਨ੍ਹਾਂ 'ਚੋਂ 2.05 ਕਰੋੜ ਐੱਲ. ਆਈ. ਸੀ. ਦੀਆਂ ਸਨ।