PAYTM ਦੇਵੇਗਾ FD ਦੀ ਸੁਵਿਧਾ, ਨਹੀਂ ਲੱਗੇਗਾ ਕੋਈ ਚਾਰਜ

PAYTM ਦੇਵੇਗਾ FD ਦੀ ਸੁਵਿਧਾ, ਨਹੀਂ ਲੱਗੇਗਾ ਕੋਈ ਚਾਰਜ

ਨਵੀਂ ਦਿੱਲੀ— ਹੁਣ ਤੁਸੀਂ ਆਪਣੇ ਪੇਟੀਐੱਮ ਪੇਮੈਂਟ ਬੈਂਕ 'ਚ ਜ਼ਿਆਦਾ ਕਮਾਈ ਕਰ ਸਕੋਗੇ। ਦਰਅਸਲ, ਪੇਟੀਐੱਮ ਪੇਮੈਂਟਸ ਬੈਂਕ ਨੇ ਇੰਡਸਇੰਡ ਬੈਂਕ ਨਾਲ ਇਕ ਸਮਝੌਤਾ ਕੀਤਾ ਹੈ, ਜਿਸ ਤਹਿਤ ਗਾਹਕਾਂ ਦੀ ਪੇਟੀਐੱਮ ਖਾਤੇ 'ਚ ਜਮ੍ਹਾ ਰਾਸ਼ੀ 1 ਲੱਖ ਰੁਪਏ ਦੇ ਪਾਰ ਹੁੰਦੇ ਹੀ ਉਸ ਦੀ ਐੱਫ. ਡੀ. ਹੋ ਜਾਵੇਗੀ। ਇਸ ਰਾਸ਼ੀ 'ਤੇ 6.85 ਫੀਸਦੀ ਤਕ ਸਾਲਾਨਾ ਵਿਆਜ ਮਿਲੇਗਾ। ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਕਿ ਗਾਹਕ ਕਦੇ ਵੀ ਆਪਣੇ ਜਮ੍ਹਾ ਪੈਸੇ ਕਢਵਾ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਪ੍ਰੀ-ਕਲੋਜ਼ਰ ਜਾਂ ਹੋਰ ਕਈ ਚਾਰਜ ਨਹੀਂ ਦੇਣਾ ਹੋਵੇਗਾ। ਇਸ ਦੇ ਇਲਾਵਾ ਜੇਕਰ ਕੋਈ ਗਾਹਕ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਸੀਨੀਅਰ ਨਾਗਰਿਕ ਬਣ ਜਾਂਦਾ ਹੈ ਤਾਂ ਉਸ ਦਾ ਖਾਤਾ ਆਪਣੇ ਹੀ ਆਪ ਸੀਨੀਅਰ ਨਾਗਰਿਕ ਯੋਜਨਾ ਤਹਿਤ ਨਵਾਂ ਹੋ ਜਾਵੇਗਾ, ਜਿਸ 'ਤੇ ਉਸ ਨੂੰ ਜ਼ਿਆਦਾ ਵਿਆਜ ਦਰ ਮਿਲੇਗੀ।

ਪੇਟੀਐੱਮ ਪੇਮੈਂਟ ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੇਨੂ ਸੱਤੀ ਨੇ ਕਿਹਾ ਕਿ ਜ਼ਿਆਦਾਤਰ ਭਾਰਤੀ ਸੁਰੱਖਿਅਤ ਨਿਵੇਸ਼ ਯੋਜਨਾਵਾਂ ਪਸੰਦ ਕਰਦੇ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਜ਼ਿਆਦਾ ਕਮਾਈ ਦੀ ਸੰਭਾਵਨਾ ਦਿਸਦੀ ਹੈ। ਸਾਡੀ ਪੇਸ਼ਕਸ਼ 'ਚ ਉਨ੍ਹਾਂ ਨੂੰ ਕਾਗਜ਼ੀ ਕੰਮ ਤੋਂ ਰਾਹਤ ਮਿਲੇਗੀ ਅਤੇ ਸਭ ਤੋਂ ਪਸੰਦੀਦਾ ਨਿਵੇਸ਼ ਨੂੰ ਜਦੋਂ ਮਰਜ਼ੀ ਬਿਨਾਂ ਚਾਰਜ ਦੇ ਕਢਾਉਣ ਦਾ ਵੀ ਲਾਭ ਮਿਲੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਮਈ 'ਚ ਪੇਟੀਐੱਮ ਨੇ ਪੇਮੈਂਟ ਬੈਂਕ ਦੀ ਸੁਵਿਧਾ ਸ਼ੁਰੂ ਕੀਤੀ ਸੀ। ਕੁਝ ਦਿਨਾਂ ਪਹਿਲਾਂ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਸ ਦੇ ਇੱਥੇ ਖਾਤਾ ਖੋਲ੍ਹਣ ਲਈ ਮਿਨੀਮਮ ਬੈਲੰਸ ਯਾਨੀ ਘੱਟੋ-ਘੱਟ ਬਕਾਇਆ ਰੱਖਣ ਦੀ ਜ਼ਰੂਰਤ ਨਹੀਂ ਹੈ ਅਤੇ ਲੋਕ ਜ਼ੀਰੋ ਬੈਲੰਸ 'ਤੇ ਵੀ ਆਪਣਾ ਖਾਤਾ ਖੁੱਲ੍ਹਵਾ ਸਕਦੇ ਹਨ।