ਜਨਤਾ ਨੂੰ ਮਿਲੇਗੀ ਰਾਹਤ,  ਖੰਡ ਹੋਵੇਗੀ ਸਸਤੀ

ਜਨਤਾ ਨੂੰ ਮਿਲੇਗੀ ਰਾਹਤ,  ਖੰਡ ਹੋਵੇਗੀ ਸਸਤੀ

ਨਵੀਂ ਦਿੱਲੀ— ਇਸ ਸਾਲ ਖੰਡ ਦੇ ਭਾਰੀ ਉਤਪਾਦਨ ਅਤੇ ਸਪਲਾਈ ਵਧਣ ਨਾਲ ਖੰਡ ਦੀਆਂ ਕੀਮਤਾਂ 'ਤੇ ਆਮ ਜਨਤਾ ਨੂੰ ਰਾਹਤ ਮਿਲ ਸਕਦੀ ਹੈ। ਜਲਦ ਹੀ ਬਾਜ਼ਾਰ 'ਚ ਇਸ ਦੇ ਰੇਟ ਘੱਟ ਸਕਦੇ ਹਨ। ਉੱਥੇ ਹੀ ਸਰਕਾਰ ਖੰਡ ਦੀ ਸਟਾਕ ਲਿਮਟ 31 ਦਸੰਬਰ ਤੋਂ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਇਲਾਵਾ ਮਿੱਲਾਂ ਨੂੰ ਰਾਹਤ ਦੇਣ ਲਈ ਦਰਾਮਦ ਡਿਊਟੀ ਵਧਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ 2017-18 ਲਈ ਅਕਤੂਬਰ 'ਚ ਗੰਨਾ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਖੰਡ ਦੀਆਂ ਕੀਮਤਾਂ (ਮਿੱਲ ਕੀਮਤ) 'ਚ ਗਿਰਾਵਟ ਆ ਰਹੀ ਹੈ। ਮਿੱਲਾਂ 'ਚ ਕੀਮਤ ਡਿੱਗਣ ਦੀ ਵਜ੍ਹਾ ਇਹ ਹੈ ਕਿ ਇਸ ਵਾਰ ਗੰਨੇ ਦੀ ਬੰਪਰ ਫਸਲ ਹੋਈ ਹੈ। ਅਧਿਕਾਰਤ ਸੂਤਰਾਂ ਮੁਤਾਬਕ, ਸਟਾਕ ਲਿਮਟ ਖਤਮ ਕਰਨ ਦਾ ਫੈਸਲਾ ਲਗਭਗ ਹੋ ਚੁੱਕਾ ਹੈ ਪਰ ਦਰਾਮਦ ਡਿਊਟੀ ਵਧਾਉਣ ਦੇ ਮਾਮਲੇ 'ਚ ਅਜੇ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਨੇ ਦਰਾਮਦ ਘੱਟ ਕਰਨ ਲਈ ਜੁਲਾਈ 'ਚ ਦਰਾਮਦ ਡਿਊਟੀ 40 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤੀ ਸੀ। ਹਾਲਾਂਕਿ ਦੇਸ਼ 'ਚ ਖੰਡ ਜ਼ਿਆਦਾ ਦਰਾਮਦ ਨਹੀਂ ਹੋਈ ਹੈ ਪਰ ਜੁਲਾਈ ਤੋਂ ਕੌਮਾਂਤਰੀ ਪੱਧਰ 'ਤੇ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਜਿਸ ਨਾਲ ਦਰਾਮਦ ਦੀ ਸੰਭਾਵਨਾ ਵਧ ਗਈ ਹੈ।

ਇਕ ਉੱਚ ਅਧਿਕਾਰੀ ਨੇ ਕਿਹਾ ਕਿ 50 ਫੀਸਦੀ ਦਰਾਮਦ ਡਿਊਟੀ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਦਰਾਮਦ ਦਾ ਰਸਤਾ ਖੁੱਲ੍ਹ ਗਿਆ ਹੈ। ਇਹੀ ਕਾਰਨ ਹੈ ਕਿ ਦਰਾਮਦ ਡਿਊਟੀ ਨੂੰ ਹੋਰ ਵਧਾਉਣ 'ਤੇ ਵਿਚਾਰ ਹੋ ਸਕਦਾ ਹੈ। ਨਵੰਬਰ ਦੇ ਅੱਧ ਤਕ ਕੌਮਾਂਤਰੀ ਪੱਧਰ 'ਤੇ ਖੰਡ ਦੀਆਂ ਕੀਮਤਾਂ 'ਚ ਇਕ ਸਾਲ 'ਚ ਤਕਰੀਬਨ 22 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਸਥਾਨਕ ਬਾਜ਼ਾਰ 'ਚ ਵੀ ਖੰਡ ਦੀਆਂ ਮਿੱਲ ਕੀਮਤਾਂ 'ਚ ਕਮੀ ਆਈ ਹੈ।

ਭਾਰੀ ਉਤਪਾਦਨ ਨਾਲ ਖੰਡ ਦੀਆਂ ਕੀਮਤਾਂ 'ਚ ਗਿਰਾਵਟ
ਦੇਸ਼ ਦੇ ਸਭ ਤੋਂ ਵੱਡੇ ਗੰਨਾ ਉਤਪਾਦਕ ਸੂਬੇ ਉੱਤਰ ਪ੍ਰਦੇਸ਼ 'ਚ ਖੰਡ ਦੀ ਕੀਮਤ 300 ਰੁਪਏ ਪ੍ਰਤੀ ਕੁਇੰਟਲ ਡਿੱਗ ਚੁੱਕੀ ਹੈ। ਮਹਾਰਾਸ਼ਟਰ 'ਚ ਤਕਰੀਬਨ 400 ਰੁਪਏ ਪ੍ਰਤੀ ਕੁਇੰਟਲ ਖੰਡ ਸਸਤੀ ਹੋ ਗਈ ਹੈ। ਦੇਸ਼ ਦੇ ਖੰਡ ਉਤਪਾਦਨ 'ਚ ਇਨ੍ਹਾਂ ਦੋਹਾਂ ਸੂਬਿਆਂ ਦੀ ਹਿੱਸੇਦਾਰੀ 80 ਫੀਸਦੀ ਤੋਂ ਵਧ ਹੈ। ਅਨੁਮਾਨਾਂ ਮੁਤਾਬਕ, 2017-18 ਪਿੜਾਈ ਸੀਜ਼ਨ ਦੇ ਪਹਿਲੇ ਦੋ ਮਹੀਨਿਆਂ 'ਚ ਤਕਰੀਬਨ 47.2 ਲੱਖ ਟਨ ਖੰਡ ਦਾ ਉਤਪਾਦਨ ਹੋਇਆ, ਜੋ ਪਿਛਲੇ ਸਾਲ ਤੋਂ ਤਕਰੀਬਨ 12-13 ਲੱਖ ਟਨ ਜ਼ਿਆਦਾ ਹੈ। ਉੱਥੇ ਹੀ, ਭਾਰਤੀ ਖੰਡ ਮਿੱਲਜ਼ ਸੰਗਠਨ (ਇਸਮਾ) ਨੇ ਇਕ ਬਿਆਨ 'ਚ ਕਿਹਾ ਕਿ ਅਕਤੂਬਰ ਅਤੇ ਨਵੰਬਰ 'ਚ ਉਤਪਾਦਨ 42 ਫੀਸਦੀ ਵਧ ਕੇ 39.5 ਲੱਖ ਟਨ ਰਿਹਾ, ਜੋ ਪਿਛਲੇ ਸਾਲ ਇਸ ਦੌਰਾਨ 27.8 ਲੱਖ ਟਨ ਸੀ। ਇਸਮਾ ਨੇ ਇਸ ਸਾਲ 2.51 ਕਰੋੜ ਟਨ ਖੰਡ ਉਤਪਾਦਨ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਹ 2.02 ਕਰੋੜ ਟਨ ਸੀ। ਇਸ ਸਾਲ ਨਵੰਬਰ ਤਕ 443 ਮਿੱਲਾਂ 'ਚ ਗੰਨਾ ਪਿੜਾਈ ਦਾ ਕੰਮ ਚੱਲ ਰਿਹਾ ਸੀ, ਜਦੋਂ ਕਿ ਪਿਛਲੇ ਸਾਲ ਦੀ ਮਿਆਦ 'ਚ 393 ਮਿੱਲਾਂ 'ਚ ਉਤਪਾਦਨ ਹੋ ਰਿਹਾ ਸੀ। ਇਸਮਾ ਦੇ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ 'ਚ ਨਵੰਬਰ ਤਕ ਖੰਡ ਦਾ ਉਤਪਾਦਨ ਵਧ ਕੇ 13.5 ਲੱਖ ਟਨ ਤਕ ਪਹੁੰਚ ਗਿਆ, ਜੋ ਪਿਛਲੇ ਸਾਲ ਇਸ ਮਿਆਦ 'ਚ 8.4 ਲੱਖ ਟਨ ਸੀ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਉਤਪਾਦਨ 14.9 ਲੱਖ ਟਨ ਰਿਹਾ, ਜਦੋਂ ਕਿ ਪਿਛਲੇ ਸਾਲ ਇਹ 9.4 ਲੱਖ ਟਨ ਸੀ।

ਉੱਥੇ ਹੀ ਸਟਾਕ ਲਿਮਟ ਖਤਮ ਹੋਣ ਬਾਰੇ ਇਸਮਾ ਨੇ ਕਿਹਾ, ''ਸਾਫ ਹੈ ਕਿ ਸਰਕਾਰ 31 ਦਸੰਬਰ ਤੋਂ ਬਾਅਦ ਕਾਰੋਬਾਰੀਆਂ 'ਤੇ ਸਟਾਕ ਲਿਮਟ ਖਤਮ ਕਰਨ ਜਾ ਰਹੀ ਹੈ। ਉਹ ਫਿਰ ਤੋਂ ਆਪਣਾ ਭੰਡਾਰ ਤਿਆਰ ਕਰਨ ਲਈ ਖੰਡ ਖਰੀਦਣਗੇ, ਜਿਸ ਨਾਲ ਮਿੱਲਾਂ 'ਚ ਖੰਡ ਦੀ ਮੰਗ 'ਚ ਤੇਜ਼ੀ ਆਵੇਗੀ। ਜੇਕਰ ਸਰਕਾਰ ਭੰਡਾਰਣ ਦੀ ਲਿਮਟ ਪਹਿਲਾਂ ਖਤਮ ਕਰ ਦਿੰਦੀ ਤਾਂ ਮੰਗ ਨਾਲ ਬਾਜ਼ਾਰ ਦੇ ਰੁਖ਼ 'ਚ ਸੁਧਾਰ ਹੋਇਆ ਹੁੰਦਾ।''