ਭਾਰਤੀ ਸਟੇਟ ਬੈਂਕ ‘ਚ ਨੌਕਰੀ ਕਰਨ ਦੇ ਚਾਹਵਾਨ ਜਰੂਰ ਪੜ੍ਹੋ ਇਹ ਖਬਰ

ਭਾਰਤੀ ਸਟੇਟ ਬੈਂਕ ‘ਚ ਨੌਕਰੀ ਕਰਨ ਦੇ ਚਾਹਵਾਨ ਜਰੂਰ ਪੜ੍ਹੋ ਇਹ ਖਬਰ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨਾਂ ਦੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਬੈਂਕ ਨੇ ਹਾਲ ਹੀ ਦੇ ਮਹੀਨਿਆਂ 'ਚ ਨਵੀਂ ਭਰਤੀ 'ਚ ਵੱਡੀ ਕਮੀ ਕੀਤੀ ਹੈ। ਜਾਣਕਾਰੀ ਮੁਤਾਬਕ, ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ 5 ਹੋਰ ਸਟੇਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਨਾਲ ਰਲੇਵੇਂ ਤੋਂ ਬਾਅਦ ਨਵੀਂ ਭਰਤੀ ਘੱਟ ਕਰ ਦਿੱਤੀ ਹੈ ਅਤੇ ਜੋ ਅਹੁਦੇ ਖਾਲੀ ਹੋਏ ਹਨ ਉਨ੍ਹਾਂ ਨੂੰ ਭਰਨ ਦਾ ਕੰਮ ਬਹੁਤ ਛੋਟੀ ਗਿਣਤੀ 'ਚ ਕੀਤਾ ਹੈ। ਮਾਲੀ ਵਰ੍ਹੇ 2017-18 ਦੀ ਪਹਿਲੀ ਛਮਾਹੀ ਦੌਰਾਨ ਐੱਸ. ਬੀ. ਆਈ. ਨੇ ਆਪਣੇ ਇੱਥੇ 10,000 ਤੋਂ ਵਧ ਨੌਕਰੀਆਂ ਨੂੰ ਘਟਾ ਦਿੱਤਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਰਚ 2017 ਦੌਰਾਨ ਉਸ ਦੇ ਕਰਮਚਾਰੀਆਂ ਦੀ ਕੁੱਲ ਗਿਣਤੀ 2 ਲੱਖ 79 ਹਜ਼ਾਰ 803 ਸੀ ਅਤੇ ਸਤੰਬਰ ਅਖੀਰ 'ਚ ਇਹ ਗਿਣਤੀ ਘੱਟ ਕੇ 2 ਲੱਖ 69 ਹਜ਼ਾਰ 219 ਰਹਿ ਗਈ ਹੈ।

ਭਾਰਤੀ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਅਪ੍ਰੈਲ ਤੋਂ ਸਤੰਬਰ ਵਿਚਕਾਰ 11,382 ਲੋਕ ਸੇਵਾਮੁਕਤ (ਰਿਟਾਇਰ) ਹੋਏ ਹਨ, ਜਦੋਂ ਕਿ ਸਿਰਫ 798 ਲੋਕਾਂ ਦੀ ਨਵੀਂ ਭਰਤੀ ਕੀਤੀ ਗਈ ਹੈ, ਯਾਨੀ ਇਸ ਦੌਰਾਨ 10,584 ਅਹੁਦਿਆਂ 'ਤੇ ਕੋਈ ਭਰਤੀ ਨਹੀਂ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਰਲੇਵੇਂ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਭਰਤੀ ਪ੍ਰਕਿਰਿਆ 'ਚ ਇਹ ਵੱਡੀ ਕਮੀ ਕੀਤੀ ਹੈ।

ਅਪ੍ਰੈਲ 'ਚ ਹੀ ਭਾਰਤੀ ਸਟੇਟ ਬੈਂਕ 'ਚ 5 ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਹੋਇਆ ਸੀ, ਜਿਨ੍ਹਾਂ 'ਚ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਤ੍ਰਵਾਣਕੋਰ ਅਤੇ ਭਾਰਤੀ ਮਹਿਲਾ ਬੈਂਕ ਸ਼ਾਮਲ ਹਨ। ਇਸ ਰਲੇਵੇਂ ਤੋਂ ਬਾਅਦ ਐੱਸ. ਬੀ. ਆਈ. ਦੀਆਂ ਦੇਸ਼ ਭਰ 'ਚ ਕੁੱਲ ਬਰਾਂਚਾਂ 'ਚ 6,847 ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਗਿਣਤੀ 23,423 ਤਕ ਪਹੁੰਚ ਗਈ ਹੈ ਪਰ ਇਸ ਤੋਂ ਬਾਅਦ ਨਵੀਂ ਭਰਤੀ ਬਹੁਤ ਘੱਟ ਗਿਣਤੀ 'ਚ ਕੀਤੀ ਗਈ ਹੈ, ਯਾਨੀ ਬੈਂਕ 'ਚੋਂ ਜੋ ਲੋਕ ਰਿਟਾਇਰ ਹੋਏ ਹਨ, ਉਨ੍ਹਾਂ ਦੀ ਜਗ੍ਹਾ ਬਹੁਤ ਘੱਟ ਲੋਕ ਰੱਖੇ ਗਏ ਹਨ।