ਰਸੋਈ ਗੈਸ ਹੋਈ ਮਹਿੰਗੀ , ਇੰਨੀਆਂ ਵਧੀਆਂ ਕੀਮਤਾਂ

ਰਸੋਈ ਗੈਸ ਹੋਈ ਮਹਿੰਗੀ , ਇੰਨੀਆਂ ਵਧੀਆਂ ਕੀਮਤਾਂ

ਨਵੀਂ ਦਿੱਲੀ— ਰਸੋਈ ਗੈਸ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਆਮ ਜਨਤਾ ਨੂੰ ਝਟਕਾ ਦਿੰਦੇ ਹੋਏ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 5 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਟੌਤੀ ਕੀਤੀ ਗਈ ਹੈ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੀਤਾ ਗਿਆ ਵਾਧਾ 1 ਦਸੰਬਰ 2017 ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ 'ਚ ਹੁਣ 14 ਕਿਲੋਗ੍ਰਾਮ ਵਾਲੇ ਸਿਲੰਡਰ (ਗੈਰ ਸਬਸਿਡੀ) ਦੀ ਕੀਮਤ 747 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ 1 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਸੀ। ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 93 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਸੀ। ਉੱਥੇ ਹੀ, ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ 4 ਰੁਪਏ 56 ਪੈਸੇ ਵਧਾਏ ਗਏ ਸਨ। ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤੇ ਜਾਣ ਤੋਂ ਬਾਅਦ ਹੁਣ ਦਿੱਲੀ 'ਚ ਬਿਨਾਂ ਸਬਸਿਡੀ ਵਾਲਾ ਸਿਲੰਡਰ 747 ਰੁਪਏ ਦਾ ਮਿਲੇਗਾ, ਜੋ ਕਿ ਪਹਿਲਾਂ 742 ਰੁਪਏ ਦਾ ਸੀ। ਉੱਥੇ ਹੀ, ਨਵੰਬਰ ਤੋਂ ਪਹਿਲਾਂ ਇਸ ਸਿਲੰਡਰ ਦੀ ਕੀਮਤ 649 ਰੁਪਏ ਸੀ। ਹਾਲਾਂਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਨਾ ਬਦਲ ਕੇ ਖਪਤਕਾਰਾਂ ਨੂੰ ਰਾਹਤ ਦਿੱਤੀ ਗਈ ਹੈ।