ਰੇਲ ਮੁਲਾਜ਼ਮਾਂ ਨੂੰ ਮਿਲੇਗਾ ਇਕਮੁਸ਼ਤ ਵਰਦੀ ਭੱਤਾ, 1 ਜੁਲਾਈ ਤੋਂ ਹੋਵੇਗਾ ਲਾਗੂ

 ਰੇਲ ਮੁਲਾਜ਼ਮਾਂ ਨੂੰ ਮਿਲੇਗਾ ਇਕਮੁਸ਼ਤ ਵਰਦੀ ਭੱਤਾ, 1 ਜੁਲਾਈ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ : ਭਾਰਤੀ ਰੇਲਵੇ ਦੇ ਮੁਲਾਜ਼ਮਾਂ ਨੂੰ ਵਰਦੀ ਅਤੇ ਉਸ ਨਾਲ ਜੁੜੇ ਵੱਖ-ਵੱਖ ਭੱਤੇ ਦੇਣ ਦੇ ਪ੍ਰਬੰਧਾਂ 'ਚ ਤਬਦੀਲੀ ਕਰ ਕੇ ਹੁਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਾਲ ਵਿਚ ਇਕ ਵਾਰ ਸਿੱਧਾ ਉਨ੍ਹਾਂ ਦੇ ਖਾਤੇ ਵਿਚ ਵਰਦੀ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰੀ ਸੂਤਰਾਂ ਨੇ ਸੋਮਵਾਰ ਦੱਸਿਆ ਕਿ ਪੁਰਾਣੇ ਭੱਤਿਆਂ ਨੂੰ ਮਿਲਾ ਕੇ ਵਰਦੀ ਭੱਤੇ ਦੀਆਂ ਨਵੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਇਸ ਸਾਲ 1 ਜੁਲਾਈ ਤੋਂ ਲਾਗੂ ਮੰਨਿਆ ਜਾਏਗਾ।

ਨਵੀਆਂ ਦਰਾਂ ਮੁਤਾਬਕ ਰੇਲ ਸੁਰੱਖਿਆ ਫੋਰਸ ਅਤੇ ਰੇਲ ਸੁਰੱਖਿਆ ਵਿਸ਼ੇਸ਼ ਫੋਰਸ ਦੇ ਅਧਿਕਾਰੀਆਂ ਨੂੰ 20 ਹਜ਼ਾਰ ਰੁਪਏ ਪ੍ਰਤੀ ਸਾਲ, ਰੇਲ ਸੁਰੱਖਿਆ ਫੋਰਸਾਂ ਦੇ ਅਧਿਕਾਰੀਆਂ ਤੋਂ ਹੇਠਲੇ ਪੱਧਰ ਦੇ ਸਭ ਮੁਲਾਜ਼ਮਾਂ, ਜਵਾਨਾਂ, ਸਟੇਸ਼ਨ ਮਾਸਟਰਾਂ ਆਦਿ ਨੂੰ 10 ਹਜ਼ਾਰ ਰੁਪਏ ਪ੍ਰਤੀ ਸਾਲ ਇਹ ਭੱਤਾ ਮਿਲੇਗਾ। ਰੇਲਵੇ ਹਸਪਤਾਲਾਂ ਵਿਚ ਨਰਸਾਂ ਨੂੰ 1800 ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਜੋੜ ਕੇ ਦਿੱਤੇ ਜਾਣਗੇ। ਨਵਾਂ ਵਰਦੀ ਭੱਤਾ ਲਾਗੂ ਹੋਣ ਪਿੱਛੋਂ ਹੁਣ ਤਕ ਮਿਲਣ ਵਾਲਾ ਧੁਆਈ ਭੱਤਾ ਆਦਿ ਦਾ ਵੱਖਰਾ ਭੁਗਤਾਨ ਨਹੀਂ ਹੋਵੇਗਾ।  ਇਸ ਦੇ ਨਾਲ ਹੀ ਮਹਿੰਗਾਈ ਭੱਤੇ 'ਚ 50 ਫੀਸਦੀ ਵਾਧਾ ਹੋਣ 'ਤੇ ਵਰਦੀ ਭੱਤੇ 'ਚ ਆਪਣੇ ਆਪ ਹੀ 25 ਫੀਸਦੀ ਦਾ ਵਾਧਾ ਹੋ ਜਾਵੇਗਾ।

ਡਿਪਲੋਮੈਟਾਂ ਤੇ ਐੱਸ. ਪੀ. ਜੀ. ਦੇ ਅਧਿਕਾਰੀਆਂ ਦਾ ਵੀ ਵਰਦੀ ਭੱਤਾ ਵਧਿਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ 'ਚ ਲੱਗੇ ਹੋਏ ਡਿਪਲੋਮੈਟਾਂ ਐੱਸ. ਪੀ. ਜੀ. ਦੇ ਅਧਿਕਾਰੀਆਂ ਨੂੰ ਮਿਲਣ ਵਾਲਾ ਵਰਦੀ ਭੱਤਾ ਵੀ ਵਧਾ ਦਿੱਤਾ ਗਿਆ ਹੈ। ਹੁਣ ਐੱਸ. ਪੀ. ਜੀ. ਦੇ ਅਧਿਕਾਰੀਆਂ ਨੂੰ ਆਪ੍ਰੇਸ਼ਨਲ ਡਿਊਟੀ ਦੌਰਾਨ ਸਾਲਾਨਾ 27800 ਰੁਪਏ ਅਤੇ ਗੈਰ-ਆਪ੍ਰੇਸ਼ਨਲ ਡਿਊਟੀ ਦੌਰਾਨ 21225 ਰੁਪਏ ਵਰਦੀ ਭੱਤੇ ਵਜੋਂ ਮਿਲਣਗੇ।