ਅਗਲੇ ਮਹੀਨੇ ਤੋਂ ਹੋਵੇਗਾ ਸਟੀਲ ਦੀਆਂ ਕੀਮਤਾਂ ‘ਚ ਵਾਧਾ

ਅਗਲੇ ਮਹੀਨੇ ਤੋਂ ਹੋਵੇਗਾ ਸਟੀਲ ਦੀਆਂ ਕੀਮਤਾਂ ‘ਚ ਵਾਧਾ

ਮੁੰਬਈ -ਜਨਵਰੀ 'ਚ ਕੀਮਤਾਂ 'ਚ 5 ਤੋਂ 6 ਫ਼ੀਸਦੀ ਵਾਧਾ ਕਰਨ ਤੋਂ ਬਾਅਦ ਭਾਰਤੀ ਸਟੀਲ ਕੰਪਨੀਆਂ ਫਰਵਰੀ 'ਚ ਵੀ 2,500 ਤੋਂ 3,000 ਰੁਪਏ ਪ੍ਰਤੀ ਟਨ ਮੁੱਲ ਵਧਾਉਣ ਦੀ ਫਿਰਾਕ 'ਚ ਹਨ। ਜਨਤਕ ਖੇਤਰ ਦੀ ਖੋਦਾਈ ਕੰਪਨੀ ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨ. ਐੱਮ. ਡੀ. ਸੀ.) ਵੱਲੋਂ ਆਇਰਨ ਓਰ ਦੀਆਂ ਕੀਮਤਾਂ 19 ਤੋਂ 22 ਫ਼ੀਸਦੀ ਵਧਾਏ ਜਾਣ ਅਤੇ ਚੋਟੀ ਦੀ ਅਦਾਲਤ ਦੇ ਹੁਕਮਾਂ ਮੁਤਾਬਕ 5 ਪ੍ਰਮੁੱਖ ਖਾਨਾਂ ਤੋਂ ਉਤਪਾਦਨ ਬੰਦ ਕਰਨ ਮਗਰੋਂ ਓਡਿਸ਼ਾ ਦੀਆਂ ਨਿੱਜੀ ਖੋਦਾਈ ਕੰਪਨੀਆਂ ਨੇ ਵੀ ਆਇਰਨ ਓਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਦਸੰਬਰ 'ਚ ਵੀ ਐੱਨ. ਐੱਮ. ਡੀ. ਸੀ. ਨੇ ਆਇਰਨ ਓਰ ਦੀਆਂ ਕੀਮਤਾਂ 'ਚ 10 ਤੋਂ 13 ਫ਼ੀਸਦੀ ਦਾ ਵਾਧਾ ਕੀਤਾ ਸੀ। ਇਸ ਨਾਲ ਇਸਪਾਤ ਨਿਰਮਾਤਾਵਾਂ ਦੀ ਲਾਗਤ ਵੀ ਖਾਸੀ ਵਧ ਗਈ ਹੈ।
ਕੱਚੇ ਮਾਲ ਦੀ ਲਾਗਤ ਵਧਣ ਨਾਲ ਦਬਾਅ ਵਧਿਆ
ਕੱਚੇ ਮਾਲ ਦੀ ਲਾਗਤ ਵਧਣ ਨਾਲ ਸਟੀਲ ਕੰਪਨੀਆਂ 'ਤੇ ਕੀਮਤਾਂ ਵਧਾਉਣ ਦਾ ਦਬਾਅ ਹੈ। ਇਸ ਲੜੀ 'ਚ ਜਨਵਰੀ 'ਚ ਸਟੀਲ ਦੇ ਮੁੱਲ 'ਚ 2,500 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਸੀ ਅਤੇ ਫਰਵਰੀ 'ਚ ਇਕ ਵਾਰ ਫਿਰ ਮੁੱਲ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ. ਐੱਸ. ਡਬਲਿਊ. ਸਮੂਹ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੱਜਣ ਜਿੰਦਲ ਨੇ ਟਵੀਟ ਕੀਤਾ ਕਿ ਐੱਨ. ਐੱਮ. ਡੀ. ਸੀ. ਅਤੇ ਓਡਿਸ਼ਾ ਦੀਆਂ ਨਿੱਜੀ ਖੋਦਾਈ ਕੰਪਨੀਆਂ ਵੱਲੋਂ ਆਇਰਨ ਓਰ ਦੀਆਂ ਕੀਮਤਾਂ 'ਚ ਹਾਲੀਆ ਵਾਧੇ ਤੋਂ ਬਾਅਦ ਸਟੀਲ ਕੰਪਨੀਆਂ 'ਤੇ ਵੀ ਆਪਣੇ ਉਤਪਾਦਾਂ ਦੇ ਮੁੱਲ ਵਧਾਉਣ ਦਾ ਦਬਾਅ ਵਧ ਗਿਆ ਹੈ।

ਖਾਨਾਂ ਨੂੰ ਬੰਦ ਕਰਨ ਨਾਲ ਲੋਕਾਂ ਦਾ ਰੋਜ਼ਗਾਰ ਖੁੱਸਿਆ
ਜਿੰਦਲ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਖਾਨਾਂ ਨੂੰ ਬੰਦ ਕਰਨ ਨਾਲ ਲੋਕਾਂ ਦਾ ਰੋਜ਼ਗਾਰ ਖੁੱਸ ਰਿਹਾ ਹੈ ਅਤੇ ਸਰਕਾਰ ਨੂੰ ਰਾਇਲਟੀ ਦਾ ਵੀ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਇਨ੍ਹਾਂ ਤੋਂ ਕਿਸੇ ਨੂੰ ਵੀ ਮਦਦ ਨਹੀਂ ਮਿਲ ਰਹੀ ਹੈ, ਇਸ ਲਈ ਸਰਕਾਰ ਨੂੰ ਓਡਿਸ਼ਾ 'ਚ ਆਇਰਨ ਓਰ ਉਤਪਾਦਨ ਬੰਦ ਕਰਨ ਦੀ ਬਜਾਏ ਨਵੇਂ ਹੱਲ 'ਤੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚੋਟੀ ਦੀ ਅਦਾਲਤ 'ਚ ਸੰਪਰਕ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ 2 ਕਰੋੜ ਟਨ ਵਾਧੂ ਆਇਰਨ ਓਰ ਦੀ ਕਿੱਲਤ ਨਾਲ ਹਾਲਤ ਵਿਗੜੇਗੀ ਅਤੇ ਛੋਟੀਆਂ ਕੰਪਨੀਆਂ ਨੂੰ ਆਪਣਾ ਸੰਚਾਲਨ ਬੰਦ ਕਰਨਾ ਪਵੇਗਾ।  

ਹੋਰ ਕੱਚੇ ਮਾਲ ਦੀ ਲਾਗਤ 'ਚ ਹੋਇਆ ਕਾਫ਼ੀ ਵਾਧਾ
ਪਿਛਲੇ ਛੇ ਮਹੀਨਿਆਂ 'ਚ ਹੋਰ ਕੱਚੇ ਮਾਲ ਦੀ ਲਾਗਤ 'ਚ ਕਾਫ਼ੀ ਵਾਧਾ ਹੋਇਆ ਹੈ। ਕੋਕਿੰਗ ਕੋਲੇ ਦੀ ਕੀਮਤ ਫਿਲਹਾਲ ਆਸਟ੍ਰੇਲੀਆਈ ਬੈਂਚਮਾਰਕ ਭਾਵ ਜੂਨ 2017 ਤੋਂ ਕਰੀਬ 73 ਫ਼ੀਸਦੀ ਵਧ ਕੇ 269 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰਿਫੈਕਟਰੀ ਅਤੇ ਗ੍ਰੇਫਾਈਟ ਇਲੈਕਟ੍ਰੋਡਸ ਦੇ ਮੁੱਲ ਵੀ ਪਿਛਲੇ 6 ਮਹੀਨਿਆਂ 'ਚ ਖਾਸੇ ਵਧੇ ਹਨ। ਜੇ. ਐੱਸ. ਡਬਲਿਊ. ਸਟੀਲ ਦੇ ਨਿਰਦੇਸ਼ਕ (ਵਪਾਰਕ) ਜਯੰਤ ਆਚਾਰਿਆ ਨੇ ਕਿਹਾ ਕਿ ਜਨਵਰੀ 'ਚ 5 ਤੋਂ 6 ਫ਼ੀਸਦੀ ਮੁੱਲ ਵਧਾਏ ਜਾਣ ਦੇ ਬਾਵਜੂਦ ਦਰਾਮਦ ਕੀਤਾ ਸਟੀਲ 2,500 ਤੋਂ 3,000 ਰੁਪਏ ਪ੍ਰਤੀ ਟਨ ਮਹਿੰਗਾ ਹੈ। ਅਜਿਹੇ 'ਚ ਫਰਵਰੀ 'ਚ ਮੁੱਲ ਵਧਾ ਕੇ ਇਸ ਪਾੜੇ ਨੂੰ ਘਟਾਇਆ ਜਾ ਸਕਦਾ ਹੈ।

ਬਾਜ਼ਾਰ ਦੀ ਸਥਿਤੀ ਵੇਖਣ ਤੋਂ ਬਾਅਦ ਕੀਮਤਾਂ ਵਧਾਉਣ ਦਾ ਹੋਵੇਗਾ ਫ਼ੈਸਲਾ
ਸੇਲ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਿਰਫ ਆਇਰਨ ਓਰ ਦੇ ਮੁੱਲ ਵਧਣ ਨਾਲ ਹੀ ਸਟੀਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਵੇਗਾ। ਅਸੀਂ ਵੇਖਾਂਗੇ ਕਿ ਬਾਜ਼ਾਰ 'ਚ ਕੀਮਤਾਂ ਵਧਾਉਣਾ ਵਿਹਾਰਕ ਹੈ ਜਾਂ ਨਹੀਂ। ਅਸੀਂ ਅੱਗੇ ਦੀ ਯੋਜਨਾ ਬਾਰੇ ਅਜੇ ਕੁੱਝ ਨਹੀਂ ਦੱਸ ਸਕਦੇ। ਬਾਜ਼ਾਰ ਦੀ ਸਥਿਤੀ ਦੇਖਣ ਤੋਂ ਬਾਅਦ ਹੀ ਕੀਮਤਾਂ ਵਧਾਉਣ 'ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਇਸ 'ਚ ਕ੍ਰੈਡਿਟ ਸੁਇਸ ਨੇ ਕੌਮਾਂਤਰੀ ਸਟੀਲ ਕੀਮਤਾਂ 'ਚ ਮਜ਼ਬੂਤੀ ਦਾ ਅੰਦਾਜ਼ਾ ਪ੍ਰਗਟਾਇਆ ਹੈ।