ਦਿੱਲੀ ਦਾ ਤਾਜ ਮਾਨ ਸਿੰਘ ਹੋਟਲ ਹੋਵੇਗਾ ਨਿਲਾਮ , NDMC ਦੀ ਬੈਠਕ ‘ਚ ਹੋਇਆ ਫੈਸਲਾ

 ਦਿੱਲੀ ਦਾ ਤਾਜ ਮਾਨ ਸਿੰਘ ਹੋਟਲ ਹੋਵੇਗਾ ਨਿਲਾਮ , NDMC ਦੀ ਬੈਠਕ ‘ਚ ਹੋਇਆ ਫੈਸਲਾ

 

ਨਵੀਂ ਦਿੱਲੀ—ਲੁਟਿਅਨ ਜ਼ੋਨ 'ਚ ਸਥਿਤ ਤਾਜ ਮਾਨ ਸਿੰਘ ਹੋਟਲ ਦੀ ਨਿਲਾਮੀ ਕੀਤੀ ਜਾਵੇਗੀ। ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐੱਨ. ਡੀ. ਐੱਮ. ਸੀ.) ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਪ੍ਰੀਸ਼ਦ ਦੇ ਉਪ ਪ੍ਰਧਾਨ ਕਰਨ ਸਿੰਘ ਤੰਵਰ ਨੇ ਦੱਸਿਆ ਕਿ ਬੈਠਕ ਵਿਚ ਹੋਟਲ ਨੂੰ ਨਿਲਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਟਲ ਦੀ ਲੀਜ਼ ਖਤਮ ਹੋ ਗਈ, ਇਸ ਲਈ ਇਸ ਦੀ ਨਿਲਾਮੀ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਮਹੀਨਿਆਂ ਦੇ ਅੰਦਰ ਨਿਲਾਮੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਏਸ਼ੀਅਨ ਹੋਟਲ ਅਤੇ ਕਨਾਟ ਹੋਟਲ ਵੀ ਨਿਲਾਮ ਕੀਤੇ ਜਾਣਗੇ।

 ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਤਾਜ ਮਾਨ ਸਿੰਘ ਹੋਟਲ ਦੀ ਨਿਲਾਮੀ ਦੀ ਇਜਾਜ਼ਤ ਦੇ ਚੁੱਕੀ ਹੈ। ਤਾਜ ਮਾਨ ਸਿੰਘ ਹੋਟਲ ਇੰਡੀਆ ਗੇਟ ਕੋਲ 3.78 ਏਕੜ ਵਿਚ ਫੈਲਿਆ ਹੋਇਆ ਹੈ। ਫਿਲਹਾਲ ਇਹ ਹੋਟਲ ਟਾਟਾ ਸਮੂਹ ਦੇ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਕੋਲ ਲੀਜ਼ 'ਤੇ ਹੈ।

ਇਹ ਹੋਟਲ 10 ਅਕਤੂਬਰ 1978 ਨੂੰ 33 ਸਾਲਾਂ ਲਈ ਆਈ. ਐੱਚ. ਸੀ. ਐੱਲ. ਨੂੰ ਲੀਜ਼ 'ਤੇ ਦਿੱਤਾ ਗਿਆ ਸੀ ਜੋ 10 ਅਕਤੂਬਰ 2011 ਨੂੰ ਖਤਮ ਹੋ ਗਈ ਸੀ। ਇਸ ਤੋਂ ਬਾਅਦ 9 ਵਾਰ ਲੀਜ਼ ਦਾ ਸਮਾਂ ਵਧਾਇਆ ਗਿਆ। ਸੁਪਰੀਮ ਕੋਰਟ ਨੇ ਨਿਲਾਮੀ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਸ ਦਾ ਟੈਂਡਰ ਆਨਲਾਈਨ ਨਿਲਾਮੀ ਵਿਚ ਸਵੀਕਾਰ ਨਹੀਂ ਹੁੰਦਾ ਤਾਂ ਉਸ ਨੂੰ ਹੋਟਲ ਖਾਲੀ ਕਰਨਾ ਪਵੇਗਾ। ਸੁਪਰੀਮ ਕੋਰਟ ਨੇ ਟਾਟਾ ਸਮੂਹ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਸੀ।