1 ਫਰਵਰੀ ਨੂੰ ਪੇਸ਼ ਹੋਵੇਗਾ ਦੇਸ਼ ਦਾ ਆਮ ਬਜਟ

1 ਫਰਵਰੀ ਨੂੰ ਪੇਸ਼ ਹੋਵੇਗਾ ਦੇਸ਼ ਦਾ ਆਮ ਬਜਟ

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਅਗਲੇ ਸਾਲ ਇਕ ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰਨਗੇ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਬਜਟ ਹੋਵੇਗਾ। ਇਕ ਉੱਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸੰਸਦ ਦਾ ਬਜਟ ਇਜਲਾਸ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਸੰਸਦ ਦੇ ਦੋਹਾਂ ਸਦਨਾਂ ਦਾ ਇਹ ਸਾਂਝਾ ਇਜਲਾਸ 30 ਜਨਵਰੀ ਨੂੰ ਹੋਵੇਗਾ।

ਅਧਿਕਾਰੀ ਨੇ ਦੱਸਿਆ ਕਿ 31 ਜਨਵਰੀ ਨੂੰ ਆਰਥਿਕ ਸਰਵੇਖਣ ਲੋਕ ਸਭਾ 'ਚ ਰੱਖੇ ਜਾਣ ਦੀ ਉਮੀਦ ਹੈ ਅਤੇ ਉਸ ਤੋਂ ਅਗਲੇ ਦਿਨ ਆਮ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਬਜਟ ਨੂੰ ਫਰਵਰੀ ਦੇ ਅਖੀਰ 'ਚ ਪੇਸ਼ ਕੀਤੇ ਜਾਣ ਦੀ ਬ੍ਰਿਟਿਸ਼ ਪਰੰਪਰਾ ਨੂੰ ਖਤਮ ਕਰਦੇ ਹੋਏ ਇਸ ਵਾਰ ਜੇਤਲੀ ਨੇ ਪਹਿਲੀ ਵਾਰ ਆਮ ਬਜਟ ਇਕ ਫਰਵਰੀ ਨੂੰ ਪੇਸ਼ ਕੀਤਾ ਸੀ। ਇਸ ਦਾ ਤਰਕ ਇਹ ਹੈ ਕਿ ਇਕ ਅਪ੍ਰੈਲ ਤੋਂ ਨਵੇਂ ਮਾਲੀ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਬਜਟ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲ ਜਾਵੇ ਤਾਂ ਕਿ ਸਮੇਂ 'ਤੇ ਪੈਸੇ ਦੀ ਉਪਲੱਧਤਾ ਯਕੀਨੀ ਕੀਤੀ ਜਾ ਸਕੇ। ਇਸ ਬਦਲਾਅ ਦੇ ਨਾਲ ਹੀ ਰੇਲ ਬਜਟ ਨੂੰ ਵੱਖ ਤੋਂ ਪੇਸ਼ ਕਰਨ ਦੀ ਪਰੰਪਰਾ ਨੂੰ ਵੀ ਖਤਮ ਕਰਕੇ ਆਮ ਬਜਟ 'ਚ ਹੀ ਮਿਲਾ ਦਿੱਤਾ ਗਿਆ ਸੀ। ਬਜਟ ਇਜਲਾਸ ਦੀਆਂ ਸੰਭਾਵਿਤ ਤਰੀਕਾਂ ਨਾਲ ਸੰਸਦ ਦੇ ਦੋ ਸੈਸ਼ਨਾਂ ਵਿਚਕਾਰ ਇਕ ਮਹੀਨੇ ਤੋਂ ਵੀ ਘੱਟ ਦਾ ਫਰਕ ਹੋਵੇਗਾ। ਜ਼ਿਕਰਯੋਗ ਹੈ ਕਿ ਸੰਸਦ ਸਰਦ ਦਾ ਰੁੱਤ ਇਜਲਾਸ 15 ਦਸੰਬਰ ਤੋਂ ਸ਼ੁਰੂ ਹੋ ਕੇ 5 ਫਰਵਰੀ ਤਕ ਚੱਲੇਗਾ।