ਸਰਕਾਰ ਦੇਵੇਗੀ ਇਹ ਵੱਡਾ ਝਟਕਾ, ਕਾਰ ਮਾਲਕ ਹੋਣਗੇ ਸਬਸਿਡੀ ਤੋਂ ਬਾਹਰ

ਸਰਕਾਰ ਦੇਵੇਗੀ ਇਹ ਵੱਡਾ ਝਟਕਾ, ਕਾਰ ਮਾਲਕ ਹੋਣਗੇ ਸਬਸਿਡੀ ਤੋਂ ਬਾਹਰ

ਨਵੀਂ ਦਿੱਲੀ— ਸਰਕਾਰ ਨੇ ਰਸੋਈ ਗੈਸ ਲਈ ਸਿੱਧੇ ਬੈਂਕ ਖਾਤੇ 'ਚ ਸਬਸਿਡੀ ਟਰਾਂਸਫਰ ਜ਼ਰੀਏ ਤਕਰੀਬਨ 3.6 ਕਰੋੜ ਫਰਜ਼ੀ ਕੁਨੈਕਸ਼ਨ ਖਤਮ ਕੀਤੇ ਹਨ। ਇਸ ਤਰ੍ਹਾਂ ਸਬਸਿਡੀ 'ਤੇ ਲਗਭਗ 30,000 ਕਰੋੜ ਰੁਪਏ ਦੀ ਬਚਤ ਕਰਨ ਤੋਂ ਬਾਅਦ ਹੁਣ ਸਰਕਾਰ ਐੱਲ. ਪੀ. ਜੀ. ਸਬਸਿਡੀ 'ਚ ਹੋਰ ਕਟੌਤੀ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਸਰਕਾਰ ਨੇ ਐੱਲ. ਪੀ. ਜੀ. ਸਬਸਿਡੀ ਸੂਚੀ 'ਚ ਕਾਰ ਮਾਲਕਾਂ ਨੂੰ ਬਾਹਰ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਘਰ 'ਚ ਕਾਰ ਹੈ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਅਤੇ ਬਾਜ਼ਾਰ ਮੁੱਲ 'ਤੇ ਸਿਲੰਡਰ ਖਰੀਦਣਾ ਪਵੇਗਾ। ਸਰਕਾਰ ਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਹੀ ਸਬਸਿਡੀ ਦੇਣ ਦਾ ਹੈ।

ਅਧਿਕਾਰਤ ਸੂਤਰਾਂ ਮੁਤਾਬਕ ਇਕ ਪ੍ਰਸਤਾਵ ਰੱਖਿਆ ਗਿਆ ਹੈ ਕਿ ਜਿਨ੍ਹਾਂ ਕੋਲ ਕਾਰ ਹੈ ਉਨ੍ਹਾਂ ਨੂੰ ਐੱਲ. ਪੀ. ਜੀ. ਸਬਸਿਡੀ ਨਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ 'ਤੇ ਅਜੇ ਵਿਚਾਰ ਹੋ ਰਿਹਾ ਹੈ ਪਰ ਅਸੀਂ ਕੁਝ ਜ਼ਿਲ੍ਹਿਆਂ ਦੇ ਖੇਤਰੀ ਟਰਾਂਸਪੋਰਟ ਦਫਤਰਾਂ (ਆਰ. ਟੀ. ਓ.) ਕੋਲੋਂ ਕਾਰਾਂ ਦੇ ਰਜਿਸਟਰੇਸ਼ਨ ਦਾ ਵੇਰਵਾ ਪ੍ਰਾਪਤ ਕੀਤਾ ਹੈ। ਜੇਕਰ ਇਹ ਕਾਰਗਰ ਹੁੰਦਾ ਹੈ ਤਾਂ ਸਰਕਾਰ ਨੂੰ ਸਬਸਿਡੀ 'ਤੇ ਵੱਡੀ ਬਚਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕਾਂ ਕੋਲ ਦੋ ਤੋਂ ਤਿੰਨ ਕਾਰਾਂ ਹਨ ਪਰ ਉਹ ਲੋਕ ਵੀ ਸਬਸਿਡੀ ਲੈ ਰਹੇ ਹਨ।

ਇਸ ਤਰਜ਼ 'ਤੇ ਕਾਰ ਮਾਲਕ ਹੋਣਗੇ ਸਬਸਿਡੀ ਤੋਂ ਬਾਹਰ
ਸਰਕਾਰ ਨੇ ਪਿਛਲੇ ਸਾਲ ਐੱਲ. ਪੀ. ਜੀ. ਸਬਸਿਡੀ ਛੱਡਣ ਲਈ ਉਨ੍ਹਾਂ ਲੋਕਾਂ ਨੂੰ ਸਬਸਿਡੀ ਦੇ ਦਾਇਰੇ 'ਚੋਂ ਬਾਹਰ ਕੀਤਾ ਸੀ, ਜਿਨ੍ਹਾਂ ਦੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਵਧ ਹੈ। ਪੈਟਰੋਲੀਅਮ ਮੰਤਰਾਲੇ ਨੇ ਆਮਦਨ ਹੱਦ ਤੈਅ ਕਰਨ ਲਈ ਇਨਕਮ ਟੈਕਸ ਵਿਭਾਗ ਕੋਲੋਂ ਗਾਹਕਾਂ ਦਾ ਵੇਰਵਾ ਲਿਆ ਸੀ ਜਿਨ੍ਹਾਂ 'ਚ ਪੈਨ, ਰਹਿਣ ਦਾ ਪਤਾ ਅਤੇ ਮੋਬਾਇਲ ਨੰਬਰ ਸ਼ਾਮਲ ਹਨ। ਇਸ ਤਰ੍ਹਾਂ ਟਰਾਂਸਪੋਰਟ ਵਿਭਾਗ ਤੋਂ ਜਾਣਕਾਰੀ ਹਾਸਲ ਕਰਕੇ ਕਾਰ ਮਾਲਕਾਂ ਦੀ ਸਬਸਿਡੀ ਬੰਦ ਕੀਤੀ ਜਾਵੇਗੀ। ਹਾਲਾਂਕਿ ਉਦਯੋਗ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕੰਮ ਮੁਸ਼ਕਿਲ ਹੋਵੇਗਾ ਕਿਉਂਕਿ ਵਾਹਨ ਰਜਿਸਟਰੇਸ਼ਨ ਹਾਸਲ ਕਰਕੇ ਉਸ ਦਾ ਕਾਰ ਮਾਲਕ ਦੇ ਪਤੇ ਨਾਲ ਫਿਰ ਮਿਲਾਨ ਕਰਨਾ ਹੋਵੇਗਾ। ਉੱਥੇ ਹੀ ਸਰਕਾਰ ਨੇ 'ਗਿਵ ਇਟ ਅਪ' ਅਤੇ ਆਧਾਰ ਨੂੰ ਐੱਲ. ਪੀ. ਜੀ. ਕੁਨੈਕਸ਼ਨ ਨਾਲ ਜੋੜ ਕੇ ਕਈ ਫਰਜ਼ੀ ਕੁਨੈਕਸ਼ਨ ਖਤਮ ਕੀਤੇ ਹਨ। ਜ਼ਿਕਰਯੋਗ ਹੈ ਕਿ ਨਵੰਬਰ ਤਕ ਦੇਸ਼ 'ਚ ਘਰੇਲੂ ਰਸੋਈ ਗੈਸ ਗਾਹਕਾਂ ਦੀ ਗਿਣਤੀ 25.1 ਕਰੋੜ ਤਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 12.1 ਕਰੋੜ ਇੰਡੇਨ, 6.4 ਕਰੋੜ ਭਾਰਤ ਗੈਸ ਅਤੇ 6.5 ਕਰੋੜ ਗਾਹਕ ਹਿੰਦੁਸਤਾਨ ਪੈਟਰੋਲੀਅਮ ਦੇ ਹਨ। ਇਸ ਦੇ ਇਲਾਵਾ ਗਰੀਬ ਪਰਿਵਾਰਾਂ ਤਕ ਰਸੋਈ ਗੈਸ ਦੀ ਪਹੁੰਚ ਆਸਾਨ ਬਣਾਉਣ ਲਈ ਸਰਕਾਰ ਦੀ ਉਜਵਲਾ ਯੋਜਨਾ ਵੀ ਸਫਲ ਹੋ ਰਹੀ ਹੈ। ਨਰਿੰਦਰ ਮੋਦੀ ਸਰਕਾਰ ਉਜਵਲਾ ਯੋਜਨਾ ਤਹਿਤ 3.1 ਕਰੋੜ ਲੋਕਾਂ ਨੂੰ ਜੋੜਨ 'ਚ ਸਫਲ ਰਹੀ।