ਰੇਲਵੇ ‘ਚ ਵੀ. ਆਈ. ਪੀ. ਕਲਚਰ ਹੋਵੇਗਾ ਖਤਮ,  ਸਟਾਫ ਨਹੀਂ ਕਰੇਗਾ ਅਧਿਕਾਰੀਆਂ ਦੇ ਘਰਾਂ ਵਿਚ ਕੰਮ

 ਰੇਲਵੇ ‘ਚ ਵੀ. ਆਈ. ਪੀ. ਕਲਚਰ ਹੋਵੇਗਾ ਖਤਮ,  ਸਟਾਫ ਨਹੀਂ ਕਰੇਗਾ ਅਧਿਕਾਰੀਆਂ ਦੇ ਘਰਾਂ ਵਿਚ ਕੰਮ

ਦਿੱਲੀ - ਰੇਲ ਮੰਤਰਾਲਾ ਨੇ ਰੇਲਵੇ ਵਿਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਫਤਰ ਤੇ ਘਰ 'ਤੇ ਇਸ ਗੱਲ ਨੂੰ ਲਾਗੂ ਕਰਨ ਲਈ ਕਿਹਾ ਹੈ।

ਮੰਤਰਾਲਾ ਨੇ ਸ਼ਾਨਦਾਰ ਕਦਮ ਚੁੱਕਦੇ ਹੋਏ 36 ਸਾਲ ਪੁਰਾਣੇ ਇਕ ਪ੍ਰੋਟੋਕਾਲ ਨੂੰ ਖਤਮ ਕਰ ਦਿੱਤਾ ਹੈ ਜਿਸ ਵਿਚ ਮਹਾ-ਪ੍ਰਬੰਧਕਾਂ ਲਈ ਜ਼ਰੂਰੀ ਸੀ ਕਿ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਬੋਰਡ ਦੇ ਹੋਰ ਮੈਂਬਰਾਂ ਦੇ ਖੇਤਰੀ ਦੌਰਿਆਂ ਦੌਰਾਨ ਉਨ੍ਹਾਂ ਦੇ ਆਗਮਨ ਅਤੇ ਰਵਾਨਗੀ ਮੌਕੇ ਮੌਜੂਦ ਰਹਿਣ। ਮੰਤਰਾਲਾ ਵਿਚ ਵੀ. ਆਈ. ਪੀ. ਸੱਭਿਆਚਾਰ ਨੂੰ ਖਤਮ ਕਰਨ ਲਈ ਬੋਰਡ ਨੇ 1981 ਦੇ ਇਕ ਸਰਕੂਲਰ ਵਿਚ ਜਾਰੀ ਨਿਰਦੇਸ਼ਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿਚ ਇਸ ਤਰ੍ਹਾਂ ਦਾ ਪ੍ਰੋਟੋਕਾਲ ਸੀ। ਮੰਤਰਾਲਾ ਨੇ 28 ਸਤੰਬਰ ਨੂੰ ਇਕ ਹੁਕਮ ਵਿਚ ਕਿਹਾ ਕਿ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਬੋਰਡ ਦੇ ਹੋਰ ਮੈਂਬਰਾਂ ਦੇ ਦੌਰਿਆਂ ਦੌਰਾਨ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨ ਉੱਤੇ ਅਪਣਾਏ ਜਾਣ ਵਾਲੇ ਪ੍ਰੋਟੋਕੋਲ ਦੇ ਸੰਬੰਧ ਵਿਚ ਰੇਲਵੇ ਨੂੰ ਜਾਰੀ ਨਿਰਦੇਸ਼ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਤਤਕਾਲ ਪ੍ਰਭਾਵ ਤੋਂ ਵਾਪਸ ਲਿਆ ਜਾਂਦਾ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਕਿਸੇ ਅਧਿਕਾਰੀ ਨੂੰ ਹੁਣ ਕਦੇ ਵੀ ਗੁਲਦਸਤੇ ਅਤੇ ਤੋਹਫੇ ਨਹੀਂ ਦਿੱਤੇ ਜਾਣਗੇ।

ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਕੇਵਲ ਦਫਤਰ ਵਿਚ ਹੀ ਨਹੀਂ, ਸਗੋਂ ਘਰ 'ਤੇ ਵੀ ਇਸ ਤਰ੍ਹਾਂ ਦੀ ਪਾਬੰਦੀ ਦਾ ਪਾਲਣ ਕਰਨਾ ਹੋਵੇਗਾ। ਸਾਰੇ ਉੱਚ ਅਧਿਕਾਰੀਆਂ ਨੂੰ ਆਪਣੇ ਘਰਾਂ ਵਿਚ ਘਰੇਲੂ  ਕਰਮਚਾਰੀਆਂ ਦੇ ਰੂਪ ਵਿਚ ਲੱਗੇ ਰੇਲਵੇ ਦੇ ਸਮੁੱਚੇ ਸਟਾਫ ਨੂੰ ਮੁਕਤ ਕਰਨਾ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਘਰਾਂ ਵਿਚ ਲਗਭਗ 30 ਹਜ਼ਾਰ ਟਰੈਕਮੈਨ ਕੰਮ ਕਰਦੇ ਹਨ, ਉਨ੍ਹਾਂ ਨੂੰ ਸੇਵਾ 'ਤੇ ਪਰਤਣ ਲਈ ਕਿਹਾ ਹੈ।