8 ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਨੌਕਰ ਤੋਂ ਲੁੱਟੇ 14.60 ਲੱਖ ਰੁਪਏ

8 ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਨੌਕਰ ਤੋਂ ਲੁੱਟੇ 14.60 ਲੱਖ ਰੁਪਏ

 

ਲੁਧਿਆਣਾ - ਢੋਲੇਵਾਲ ਰੋਡ 'ਤੇ ਦਿਨ-ਦਿਹਾੜੇ 12 ਵਜੇ 3 ਮੋਟਰਸਾਈਕਲਾਂ 'ਤੇ ਆਏ 8 ਲੁਟੇਰਿਆਂ ਨੇ ਬੈਂਕਾਂ 'ਚ ਪੈਸੇ ਜਮ੍ਹਾ ਕਰਵਾਉਣ ਵਾਲੀ ਕੋਰੀਅਰ ਕੰਪਨੀ ਦੇ ਨੌਕਰ ਨੂੰ ਦਿਨ-ਦਿਹਾੜੇ ਸ਼ਿਕਾਰ ਬਣਾ ਲਿਆ ਅਤੇ ਆਟੋ 'ਚ ਪਈ 14 ਲੱਖ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਏ. ਡੀ. ਸੀ. ਪੀ. ਰਤਨ ਸਿੰਘ ਬਰਾੜ, ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ, ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਅਸ਼ੋਕ ਕੁਮਾਰ ਅਤੇ ਏ. ਐੱਸ. ਆਈ. ਸੁਖਦੇਵ ਰਾਜ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਏ। ਪੁਲਸ ਨੂੰ ਦਿੱਤੇ ਬਿਆਨ 'ਚ ਲੋਹਾਰਾ ਕਾਲੋਨੀ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਰੈਡੀਏਟ ਕੈਸ਼ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮ. 'ਚ 2008 ਤੋਂ ਨੌਕਰੀ ਕਰ ਰਿਹਾ ਹੈ। 1 ਸਾਲ ਲਈ ਨੌਕਰੀ ਛੱਡਣ ਦੇ ਬਾਅਦ 8 ਮਹੀਨੇ ਪਹਿਲਾਂ ਹੀ ਕੰਮ 'ਤੇ ਵਾਪਸ ਆਇਆ ਸੀ। ਉਨ੍ਹਾਂ ਦੀ ਕੰਪਨੀ ਵੱਲੋਂ ਵੱਖ-ਵੱਖ ਫਰਮਾਂ ਤੋਂ ਕੈਸ਼ ਲੈ ਕੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਇਆ ਜਾਂਦਾ ਹੈ ਅਤੇ ਕਮੀਸ਼ਨ ਲਿਆ ਜਾਂਦਾ ਹੈ। ਸਵੇਰੇ ਉਹ ਆਪਣੇ ਛੋਟੇ ਹਾਥੀ 'ਚ ਪਹਿਲਾਂ ਫੋਕਲ ਪੁਆਇੰਟ ਇਕ ਫਰਮ ਤੋਂ 40 ਹਜ਼ਾਰ ਫਿਰ ਮੋਤੀ ਨਗਰ ਇਕ ਫਰਮ ਤੋਂ 14 ਲੱਖ 20 ਹਜ਼ਾਰ ਕੈਸ਼ ਲੈ ਕੇ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ। ਜਦ ਉਹ ਢੋਲੇਵਾਲ ਰੋਡ ਗੁਰੂ ਕਿਰਪਾ ਸਟੀਲ ਕੋਲੋਂ ਲੰਘ ਰਿਹਾ ਸੀ ਤਾਂ ਇਕ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਨੂੰ ਓਵਰਟੇਕ ਕੀਤਾ ਅਤੇ ਸੜਕ ਵਿਚਾਲੇ ਛੋਟਾ ਹਾਥੀ ਰੁਕਵਾ ਲਿਆ। ਇਕ ਨੌਜਵਾਨ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ।

 

ਦੋਵਾਂ ਨੇ ਮੋਟਰਸਾਈਕਲ ਤੋਂ ਉਤਰਦੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਇਸੇ ਸਮੇਂ ਦੂਜੇ ਮੋਟਰਸਾਈਕਲ 'ਤੇ ਤਿੰਨ ਲੁਟੇਰੇ ਆ ਗਏੇ। ਇਸ ਦੌਰਾਨ ਇਕ ਲੁਟੇਰੇ ਨੇ ਭੱਜਣ ਦਾ ਯਤਨ ਕੀਤਾ ਗਿਆ ਤਾਂ ਉਸ ਨੇ ਇਕ ਲੁਟੇਰੇ ਨੂੰ ਦਬੋਚ ਲਿਆ। ਤਦ ਤੀਜੇ ਮੋਟਰਸਾਈਕਲ 'ਤੇ 3 ਹੋਰ ਲੁਟੇਰੇ ਆਏ, ਜਿਨ੍ਹਾਂ ਨੇ ਹੱਥਾਂ 'ਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ। ਉਸ ਤੋਂ ਬਾਅਦ ਚਾਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ, ਜਿਸ ਦੇ ਬਾਅਦ ਉਸ ਨੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ।