ਬੱਚਾਜੀਵੀ ਕਲਾਥ ਹਾਊਸ ‘ਚ ਚੋਰੀ ਦੀ ਵਾਰਦਾਤ

ਬੱਚਾਜੀਵੀ ਕਲਾਥ ਹਾਊਸ ‘ਚ ਚੋਰੀ ਦੀ ਵਾਰਦਾਤ

 


ਬੇਗੋਵਾਲ- ਕਸਬਾ ਬੇਗੋਵਾਲ ਦੇ ਟਾਂਡਾ ਰੋਡ 'ਤੇ ਬੱਚਾਜੀਵੀ ਕਲਾਥ ਹਾਊਸ ਵਿਖੇ ਬੀਤੀ ਰਾਤ ਤਿੰਨ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਚੋਰ ਇਥੋਂ 1 ਲੱਖ 45 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ, ਏ. ਐੱਸ. ਆਈ. ਬਖਸ਼ੀਸ਼ ਸਿੰਘ ਤੇ ਏ. ਐੱਸ. ਆਈ. ਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ।

ਇਸ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਛਪਾਲ ਸਿੰਘ ਬੱਚਾਜੀਵੀ ਪੁੱਤਰ ਸੁਰਜੀਤ ਸਿੰਘ ਵਾਸੀ ਵਾਰਡ ਨੰ. 9, ਬੇਗੋਵਾਲ ਨੇ ਦੱਸਿਆ ਕਿ ਮੈਂ ਬੇਗੋਵਾਲ ਵਿਖੇ ਬੱਚਾਜੀਵੀ ਕਲਾਥ ਹਾਊਸ ਦੇ ਨਾਂ 'ਤੇ ਕੱਪੜੇ ਦਾ ਸ਼ੋਅਰੂਮ ਚਲਾਉਂਦਾ ਹਾਂ, ਕੱਲ ਸ਼ਾਮ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ, ਰਾਤ ਕਰੀਬ 1 ਵਜੇ ਮੈਨੂੰ ਮੇਰੇ ਦੋਸਤ ਜਾਰਜ ਸ਼ੁਭ ਕਮਲ ਨੇ ਫੋਨ 'ਤੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਨੂੰ ਨਿਪਟਾ ਕੇ ਟਾਂਡੇ ਤੋਂ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਤੁਹਾਡੇ ਸ਼ੋਅ-ਰੂਮ ਦੇ ਸਾਈਡ ਵਾਲੇ ਸ਼ਟਰ ਦੇ ਤਾਲੇ ਖੁਲ੍ਹੇ ਪਏ ਹਨ ਤੇ ਅੰਦਰ ਕੋਈ ਹਲਚਲ ਹੁੰਦੀ ਜਾਪਦੀ ਹੈ। ਜਿਸ 'ਤੇ ਮੈਂ ਆਪਣੇ ਭਤੀਜੇ ਗੁਰਮੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੇਗੋਵਾਲ ਨਾਲ ਆਪਣੇ ਮੋਟਰਸਾਈਕਲ ਰਾਹੀਂ ਸ਼ੋਅ-ਰੂਮ 'ਤੇ ਆਇਆ। ਇਸ ਦੌਰਾਨ ਸਾਡੇ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਸ਼ੋਅ-ਰੂਮ ਦੇ ਖੋਲ੍ਹੇ ਗਏ ਸ਼ਟਰ ਰਾਹੀਂ ਤਿੰਨ ਨੌਜਵਾਨ ਜਿਨ੍ਹਾਂ 'ਚੋਂ ਸੁਮਿਤ ਸੰਨੀ ਉਰਫ ਭੂੰਡੀ ਪੁੱਤਰ ਨਰਿੰਦਰ ਸਿੰਘ ਵਾਸੀ ਮਿਆਣੀ ਭੱਗੂਪੁਰੀਆ, ਜੋ ਸਾਡੇ ਸ਼ੋਅ-ਰੂਮ 'ਚ ਪਹਿਲਾ ਕੰਮ ਕਰਦਾ ਸੀ, ਉਸਦੇ ਨਾਲ ਅੰਸ਼ੂ ਥਾਪਰ ਪੁੱਤਰ ਮਨੋਹਰ ਲਾਲ ਤੇ ਲਵਪ੍ਰੀਤ ਸਿੰਘ ਉਰਫ ਰਾਜਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਿਆਣੀ ਭੱਗੂਪੁਰੀਆ, ਜੋ ਅਕਸਰ ਭੂੰਡੀ ਕੋਲ ਸ਼ੋਅ-ਰੂਮ 'ਤੇ ਆਉਂਦੇ-ਜਾਂਦੇ ਰਹਿੰਦੇ ਸਨ। ਜਿਨ੍ਹਾਂ ਨੂੰ ਮੈਂ ਪਹਿਲਾਂ ਤੋਂ ਹੀ ਪਛਾਣਦਾ ਸੀ। ਆਪਣੇ ਹੱਥਾਂ 'ਚ ਦੋ ਪਲਾਸਟਿਕ ਦੇ ਲਿਫਾਫੇ ਲੈ ਕੇ ਭੱਜ ਗਏ। ਜਿਨ੍ਹਾਂ ਨੂੰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਗਲੀਆਂ 'ਚੋਂ ਹਨੇਰੇ ਦਾ ਫਾਇਦਾ ਉਠਾ ਕੇ ਦੌੜਨ 'ਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਸ਼ੋਅ-ਰੂਮ ਦੇ ਕਿਸੇ ਮੁਲਾਜ਼ਮ ਨਾਲ ਮਿਲੀਭੁਗਤ ਕਰਕੇ ਸ਼ੋਅ-ਰੂਮ ਅੰਦਰੋਂ ਚਾਬੀਆਂ ਦਾ ਦੂਸਰਾ ਸੈੱਟ ਹਾਸਲ ਕਰਕੇ 1 ਲੱਖ 45 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਹੈ। ਦੂਜੇ ਪਾਸੇ ਇਸ ਸੰਬੰਧ 'ਚ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਬੱਚਾਜੀਵੀ ਦੇ ਉਕਤ ਬਿਆਨਾਂ ਦੇ ਆਧਾਰ 'ਤੇ ਸੁਮਿਤ ਸੰਨੀ ਉਰਫ ਭੂੰਡੀ ਪੁੱਤਰ ਨਰਿੰਦਰ ਸਿੰਘ, ਅੰਸ਼ੂ ਥਾਪਰ ਪੁੱਤਰ ਮਨੋਹਰ ਲਾਲ ਅਤੇ ਲਵਪ੍ਰੀਤ ਸਿੰਘ ਉਰਫ ਰਾਜਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਿਆਣੀ ਭੱਗੂਪੁਰੀਆ ਖਿਲਾਫ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।


Loading...