ਸਾਬਕਾ ਮੰਤਰੀ ਫਿਲੌਰ ਤੇ ਅਵਿਨਾਸ਼ ਚੰਦਰ ਸਮੇਤ 12 ਖਿਲਾਫ ਦੋਸ਼ ਤੈਅ

ਸਾਬਕਾ ਮੰਤਰੀ ਫਿਲੌਰ ਤੇ ਅਵਿਨਾਸ਼ ਚੰਦਰ ਸਮੇਤ 12 ਖਿਲਾਫ ਦੋਸ਼ ਤੈਅ

ਅਕਤੂਬਰ - 6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਅੱਜ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਐਨ. ਐਸ. ਗਿੱਲ ਦੀ ਅਦਾਲਤ ਨੇ ਇਨਫ਼ੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਾਲੇ ਕੇਸ 'ਚ ਨਾਮਜ਼ਦ ਦੋ ਸਾਬਕਾ ਮੰਤਰੀਆਂ ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ, ਫਿਲੌਰ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ ਦੀ ਪਤਨੀ ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ ਅਤੇ ਰਸ਼ਮੀ ਸਰਦਾਨਾ ਿਖ਼ਲਾਫ਼ ਦੋਸ਼ ਤੈਅ ਕਰ ਦਿੱਤੇ ਹਨ | ਇਸ ਮਾਮਲੇ 'ਚ 23 ਅਕਤੂਬਰ ਨੂੰ ਪਹਿਲੀ ਗਵਾਹੀ ਹੋਵੇਗੀ | ਈ. ਡੀ. ਵਲੋਂ ਉਕਤ ਮੁਲਜ਼ਮਾਂ ਖਿਲਾਫ 211 ਪੰਨਿ੍ਹਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਦੇ ਨਾਲ 8357 ਦੇ ਕਰੀਬ ਕਾਗਜ਼ਾਤ ਲਗਾਏ ਗਏ ਸਨ | ਇਸ ਕੇਸ 'ਚ ਚਾਹਲ ਦੀਆਂ ਕਈ ਕੰਪਨੀਆਂ ਜਿਵੇਂ ਚਾਹਲ ਟਾਇਰ ਵਰਲਡ ਪ੍ਰਾ: ਲਿ: ਅੰਮਿ੍ਤਸਰ, ਨਿਊ ਪਿਆਰ ਰੋਡਵੇਜ਼ ਪ੍ਰਾ: ਲਿ:, ਐੱਮ. ਬੀ. ਪੀ. ਫਾਰਮਾਸਿਊਟੀਕਲ ਪ੍ਰਾ: ਲਿ:, ਟੂਲਿਪ ਫਾਰਮਾਸਿਊਟੀਕਲ ਪ੍ਰਾ: ਲਿ:, ਚਾਹਲ ਟਾਇਰਸ ਜਲੰਧਰ, ਚਾਹਲ ਰੀਟ੍ਰੇਡਰਜ਼ ਪ੍ਰਾ: ਲਿ:, ਮੋਨਟੈੱਕ ਬਾਇਓ ਫਾਰਮਾ ਪ੍ਰਾ: ਲਿ: ਅਤੇ ਸਚਿਨ ਸਰਦਾਨਾ ਦੀ ਕੰਪਨੀ ਨਵਰੋਜ ਫਾਰਮਾਸਿਊਟੀਕਲ ਦਿੱਲੀ ਦੇ ਨਾਂਅ ਵੀ ਸ਼ਾਮਿਲ ਹਨ | ਈ. ਡੀ. ਵਲੋਂ ਪੇਸ਼ ਕੀਤੇ ਚਲਾਨ ਮੁਤਾਬਿਕ ਸਾਬਕਾ ਮੰਤਰੀ ਅਵਿਨਾਸ਼ ਚੰਦਰ ਨੇ ਚੁੰਨੀ ਲਾਲ ਗਾਬਾ ਤੋਂ 45 ਲੱਖ ਰੁਪਏ ਲਏ ਸਨ | ਚੁੰਨੀ ਲਾਲ ਗਾਬਾ ਤੇ ਅਵਿਨਾਸ਼ ਚੰਦਰ ਵਿਚਕਾਰ ਸਬੰਧ ਗਾਬਾ ਕੋਲੋਂ ਇਨਕਮ ਟੈਕਸ ਵਿਭਾਗ ਵਲੋਂ ਬਰਾਮਦ ਕੀਤੀ ਗਈ ਇਕ ਡਾਇਰੀ ਤੋਂ ਸਾਹਮਣੇ ਆਏ ਸਨ | ਇਸ ਡਾਇਰੀ 'ਚ ਅਵਿਨਾਸ਼ ਚੰਦਰ ਦਾ ਨਾਂਅ ਲਿਖਿਆ ਹੋਇਆ ਸੀ | ਉਸ ਸਮੇਂ ਅਵਿਨਾਸ਼ ਚੰਦਰ ਦਾ ਨਾਂਅ ਕੱਢ ਦਿੱਤਾ ਗਿਆ ਸੀ, ਪਰ ਬਾਅਦ 'ਚ ਅਦਾਲਤ ਦੇ ਹੁਕਮਾਂ 'ਤੇ ਇਹ ਡਾਇਰੀ ਈ. ਡੀ. ਵਲੋਂ ਹਾਸਲ ਕੀਤੀ ਗਈ ਸੀ ਅਤੇ ਇਸ ਡਾਇਰੀ ਦੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਗਈ ਸੀ, ਜਿਸ ਦੌਰਾਨ ਇਸ ਮਾਮਲੇ 'ਚ ਅਵਿਨਾਸ਼ ਚੰਦਰ ਦੀ ਸ਼ਮੂਲੀਅਤ ਸਾਹਮਣੇ ਆਈ | ਚਲਾਨ ਮੁਤਾਬਿਕ ਮੁਲਜ਼ਮ ਜਸਵਿੰਦਰ ਸਿੰਘ 'ਤੇ ਦੋਸ਼ ਹੈ ਕਿ ਉਸ ਦੇ ਨਾਂਅ 3 ਏਕੜ ਜੋ ਜ਼ਮੀਨ ਹੈ, ਉਸ ਜ਼ਮੀਨ ਲਈ 1 ਕਰੋੜ 7 ਲੱਖ ਰੁਪਏ ਜਗਦੀਸ਼ ਭੋਲਾ ਨੇ ਨਕਦ ਦਿੱਤੇ ਸਨ | ਇਹ ਜ਼ਮੀਨ ਭੋਲਾ ਦੀ ਬੇਨਾਮੀ ਜ਼ਮੀਨ ਹੈ | ਚਲਾਨ ਮੁਤਾਬਿਕ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਲੜਕੇ ਦਮਨਵੀਰ ਸਿੰਘ ਨੇ ਚੁੰਨੀ ਲਾਲ ਗਾਬਾ ਤੋਂ ਕਰੀਬ 50 ਲੱਖ ਰੁਪਏ ਲਏ ਸਨ ਅਤੇ ਇਹ ਪੈਸਾ ਚੋਣਾਂ ਦੌਰਾਨ ਵਰਤਿਆ ਜਾਣਾ ਸੀ | ਇਸ ਤੋਂ ਇਲਾਵਾ ਫਿਲੌਰ ਦੀ ਪਤਨੀ ਅਤੇ ਗਾਬਾ ਦਾ ਭਾਈਵਾਲੀ 'ਚ ਇਕ ਕੋਲਡ ਸਟੋਰ ਵੀ ਹੈ | ਮੁਲਜ਼ਮ ਸਰਦਾਨਾ 'ਤੇ ਦੋਸ਼ ਹੈ ਕਿ ਉਸ ਨੂੰ ਦਵਿੰਦਰ ਕਾਂਤ ਡਰੱਗ ਸਪਲਾਈ ਕਰਦਾ ਸੀ | ਦਵਿੰਦਰ ਕਾਂਤ ਸ਼ਰਮਾ ਦੀਆਂ ਅੰਬ (ਹਿਮਾਚਲ ਪ੍ਰਦੇਸ਼) ਤੇ ਸਿਰਸਾ ਵਿਖੇ ਫੈਕਟਰੀਆਂ ਹਨ | ਈ. ਡੀ. ਦੇ ਅਧਿਕਾਰੀਆਂ ਮੁਤਾਬਿਕ ਉਕਤ ਮੁਲਜ਼ਮਾਂ ਵਲੋਂ ਬਣਾਈ ਗਈ ਬੇਨਾਮੀ ਜਾਇਦਾਦ ਜਿਸ ਦਾ ਕੁਲੈਕਟਰ ਮੁੱਲ 62 ਕਰੋੜ ਰੁਪਏ ਹੈ, ਜ਼ਬਤ ਕੀਤੀ ਗਈ ਹੈ | ਉਧਰ ਅਦਾਲਤ ਦੇ ਬਾਹਰ ਫਿਲੌਰ ਦੇ ਲੜਕੇ ਦਮਨਵੀਰ ਸਿੰਘ ਨੇ ਦੱਸਿਆ ਕਿ ਦੋਸ਼ ਤੈਅ ਹੋਣ ਤੋਂ ਬਾਅਦ ਉਹ ਅਦਾਲਤ 'ਚ ਆਪਣਾ ਮਜ਼ਬੂਤੀ ਨਾਲ ਪੱਖ ਰੱਖਣਗੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।