ਅਣਪਛਾਤੇ ਹਮਲਾਵਰਾਂ ਨੇ ਭਾਰਤੀ ਨੂੰ ਮਾਰੀ ਗੋਲੀ:ਪਾਰਕਿੰਗ ਕਰਕੇ ਹੋਈ ਲੜਾਈ

ਅਣਪਛਾਤੇ ਹਮਲਾਵਰਾਂ ਨੇ ਭਾਰਤੀ ਨੂੰ ਮਾਰੀ ਗੋਲੀ:ਪਾਰਕਿੰਗ ਕਰਕੇ ਹੋਈ ਲੜਾਈ

ਹੈਦਰਾਬਾਦ/ਸ਼ਿਕਾਗੋ— ਅਮਰੀਕਾ ਦੇ ਸ਼ਿਕਾਗੋ ਵਿਚ ਸ਼ਨੀਵਾਰ ਨੂੰ ਇਕ ਭਾਰਤੀ ਨੌਜਵਾਨ ਨੂੰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਭਾਰਤੀ ਦੀ ਪਛਾਣ 35 ਸਾਲਾ ਮੁਹੰਮਦ ਅਕਬਰ ਦੇ ਰੂਪ ਵਿਚ ਹੋਈ ਹੈ, ਜੋ ਕਿ ਹੈਦਰਾਬਾਦ ਦਾ ਰਹਿਣ ਵਾਲਾ ਹੈ। ਅਕਬਰ ਅਮਰੀਕਾ ਦੇ ਸ਼ਿਕਾਗੋ 'ਚ ਉੱਚ ਸਿੱਖਿਆ ਲਈ ਇੱਥੇ ਪੜ੍ਹਨ ਆਇਆ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ 'ਚ ਅਕਬਰ ਨੂੰ ਸ਼ਿਕਾਗੋ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਅਕਬਰ ਨੂੰ ਸ਼ਨੀਵਾਰ ਦੀ ਸਵੇਰ ਨੂੰ ਹਮਲਾਵਰਾਂ ਵਲੋਂ ਗੋਲੀ ਮਾਰੀ ਗਈ। ਸ਼ਿਕਾਗੋ ਦੇ ਅਲਬੇਨੀ ਪਾਰਕ 'ਚ ਪਾਰਕਿੰਗ ਨੂੰ ਲੈ ਕੇ ਅਕਬਰ ਦੀ ਅਣਪਛਾਤੇ ਹਮਲਾਵਰਾਂ ਨਾਲ ਬਹਿਸ ਹੋ ਗਈ। ਬਹਿਸ ਇੰਨੀ ਵਧ ਗਈ ਕਿ ਹਮਲਾਵਰਾਂ ਨੇ ਅਕਬਰ ਨੂੰ ਗੋਲੀ ਮਾਰ ਦਿੱਤੀ ਅਤੇ ਉੱਥੋਂ ਫਰਾਰ ਹੋ ਗਏ। ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਨੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਗੰਭੀਰ ਜ਼ਖਮੀ ਹਾਲਤ 'ਚ ਅਕਬਰ ਨੂੰ ਹਸਪਤਾਲ ਪਹੁੰਚਾਇਆ ਗਿਆ। ਸ਼ਿਕਾਗੋ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਮਲਾਵਰਾਂ ਅਜੇ ਵੀ ਫਰਾਰ ਹਨ। ਓਧਰ ਹੈਦਰਾਬਾਦ ਵਿਚ ਰਹਿ ਰਹੇ ਅਕਬਰ ਦੇ ਪਰਿਵਾਰ ਨੇ ਤੇਲੰਗਾਨਾ ਸਰਕਾਰ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਮੰਗ ਕੀਤੀ ਹੈ।