ਪ੍ਰਦੁਮਨ ਹੱਤਿਆ ਮਾਮਲਾ : ਸੁਣਵਾਈ ਹੋ ਸਕਦੀ ਹੈ ਹਰਿਆਣਾ ਤੋਂ ਬਾਹਰ

 ਪ੍ਰਦੁਮਨ ਹੱਤਿਆ ਮਾਮਲਾ : ਸੁਣਵਾਈ ਹੋ ਸਕਦੀ ਹੈ ਹਰਿਆਣਾ ਤੋਂ ਬਾਹਰ


ਨਵੀਂ ਦਿੱਲੀ - ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੀ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਹਰਿਆਣਾ ਤੋਂ ਬਾਹਰ ਕਰਨ ਬਾਰੇ ਸੁਪਰੀਮ ਕੋਰਟ 'ਚ 18 ਸਤੰਬਰ ਸੋਮਵਾਰ ਨੂੰ ਸੁਣਵਾਈ ਹੋਵੇਗੀ।

ਸਕੂਲ ਦੇ ਪ੍ਰਬੰਧਕਾਂ ਵੱਲੋਂ ਬੁੱਧਵਾਰ ਅਦਾਲਤ 'ਚ ਪੇਸ਼ ਹੋਏ ਵਕੀਲ ਟੀ. ਐੱਸ. ਤੁਲਸੀ ਨੇ ਮਾਮਲੇ ਦੀ ਸੁਣਵਾਈ ਹਰਿਆਣਾ ਦੀ ਕਿਸੇ ਅਦਾਲਤ ਦੀ ਬਜਾਏ ਨਵੀਂ ਦਿੱਲੀ ਦੀ ਸਾਕੇਤ ਅਦਾਲਤ 'ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਮਿਤਾਭ ਰਾਏ ਅਤੇ ਜਸਟਿਸ ਏ. ਐੱਮ. ਖਾਨ ਵਿਲਕਰ 'ਤੇ ਆਧਾਰਿਤ ਬੈਂਚ ਨੇ ਤੁਲਸੀ ਦੀ ਇਸ ਦਲੀਲ 'ਤੇ ਵਿਚਾਰ ਕੀਤਾ ਕਿ ਆਪਣੀ ਪਸੰਦ ਦੇ ਵਕੀਲ ਰਾਹੀਂ ਪੈਰਵੀ ਕਰਵਾਉਣ ਦੇ ਇਕ ਵਿਅਕਤੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ। ਬੈਂਚ ਨੇ ਰਿਆਨ ਗਰੁੱਪ ਦੇ ਉੱਤਰੀ ਜ਼ੋਨ ਦੇ ਮੁਖੀ ਥਾਮਸ ਦੇ ਵਕੀਲ ਨੂੰ ਭਰੋਸਾ ਦਿੱਤਾ ਕਿ ਉਹ ਸੋਮਵਾਰ ਸੁਣਵਾਈ ਕਰਨਗੇ।

ਦੋਸ਼ੀ ਬੱਸ ਕੰਡਕਟਰ ਦੇ ਡੀ. ਐੱਨ. ਏ. ਟੈਸਟ ਤੋਂ ਖੁੱਲ੍ਹੇਗਾ ਰਾਜ਼
ਗੁੜਗਾਓਂ, (ਇੰਟ.)—ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਸੰੰਬੰਧੀ ਗ੍ਰਿਫਤਾਰ ਬੱਸ ਕੰਡਕਟਰ ਅਸ਼ੋਕ ਕੁਮਾਰ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇਗਾ। ਅਸ਼ੋਕ ਦੇ ਖੂਨ ਦੇ ਨਮੂਨੇ ਜਾਂਚ ਲਈ ਮਧੂਬਨ ਸਥਿਤ ਫੋਰੈਂਸਿਕ ਲੈਬਾਰਟਰੀ ਵਿਖੇ ਭੇਜੇ ਗਏ ਹਨ। ਇਸ ਦੇ ਨਾਲ ਹੀ ਦੋਸ਼ੀ ਅਤੇ ਮ੍ਰਿਤਕ ਦੇ ਕੱਪੜਿਆਂ ਦੀ ਜਾਂਚ ਵੀ ਫੋਰੈਂਸਿਕ ਲੈਬ ਵਿਚ ਹੋਵੇਗੀ। ਉਥੋਂ ਰਿਪੋਰਟ ਆਉਣ ਪਿੱਛੋਂ ਕਈ ਭੇਦਾਂ ਤੋਂ ਪਰਦਾ ਹਟੇਗਾ।

ਜਾਣਕਾਰੀ ਮੁਤਾਬਕ ਵਾਰਦਾਤ ਤੋਂ ਕੁਝ ਪਲ ਪਹਿਲਾਂ ਹੀ ਦੋਸ਼ੀ ਕੰਡਕਟਰ ਅਸ਼ੋਕ ਸਕੂਲ ਦੀ ਟਾਇਲਟ ਵਿਚ ਕੁਝ ਗਲਤ ਕਰ ਰਿਹਾ ਸੀ। ਉਸ ਤੋਂ ਪਹਿਲਾਂ ਤਾਈਕਵਾਂਡੋ ਦੇ 3 ਵਿਦਿਆਰਥੀ ਅਤੇ ਮਾਲੀ ਉਥੇ ਗਏ ਸਨ। ਉਨ੍ਹਾਂ ਤੋਂ ਬਾਅਦ ਪ੍ਰਦੁਮਨ ਉਥੇ ਪਹੁੰਚਿਆ ਅਤੇ ਅਸ਼ੋਕ ਨੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦੁਮਨ ਵਲੋਂ ਰੌਲਾ ਪਾਉਣ 'ਤੇ ਅਸ਼ੋਕ ਨੇ ਚਾਕੂ ਨਾਲ ਉਸ ਦੀ ਧੌਣ 'ਤੇ ਵਾਰ ਕੀਤੇ। ਲੱਗਭਗ ਅੱਧੇ ਘੰਟੇ ਤੱਕ ਦੋਸ਼ੀ ਅਸ਼ੋਕ ਕੁਮਾਰ ਖੂਨ ਨਾਲ ਲਿੱਬੜੇ ਕੱਪੜਿਆਂ ਨਾਲ ਸਕੂਲ ਦੇ ਕੰਪਲੈਕਸ ਵਿਚ ਘੁੰਮਦਾ ਰਿਹਾ।