ਖੰਡਰ ਬਣ ਚੁੱਕਿਆ ਇਹ ਸਰਕਾਰੀ ਸਕੂਲ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਖੰਡਰ ਬਣ ਚੁੱਕਿਆ ਇਹ ਸਰਕਾਰੀ ਸਕੂਲ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਜਲੰਧਰ : ਨਕੋਦਰ ਦੇ ਮੁਡਿੰਆਂ ਦੇ ਸਰਕਾਰੀ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਨੂੰ ਲੈ ਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤੀ ਨਾਲ ਧਿਆਨ 'ਚ ਲਿਆ ਹੈ। ਸਰਕਾਰੀ ਸਕੂਲ ਦੀ ਬਿਲਡਿੰਗ ਦੀ ਹਾਲਤ ਇੰਨੀ ਖਤਸਾ ਹੈ ਕਿ ਇਹ ਕਦੇ ਵੀ ਡਿੱਗ ਸਕਦੀ ਹੈ। ਪਿਛਲੇ 94 ਸਾਲ ਤੋਂ ਇਕ ਵਾਰ ਵੀ ਇਸ ਬਿਲਡਿੰਗ ਦੀ ਮੁਰੰਮਤ ਨਹੀਂ ਹੋਈ ਹੈ। ਇਥੇ 226 ਬੱਚੇ ਪੜ੍ਹਦੇ ਹਨ ਅਤੇ ਇਨ੍ਹਾਂ ਦੀ ਜਾਨ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਨਕੋਦਰ ਨਗਰ ਕੌਂਸਲ ਦੇ ਪ੍ਰਧਾਨ ਆਦਿਤਿਆ ਭਟਾਰਾ ਨੇ ਇਸ ਖਸਤਾਹਾਲ ਬਿਲਡਿੰਗ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਮਾਮਲੇ ਨੂੰ ਸਖਤੀ ਨਾਲ ਧਿਆਨ 'ਚ ਲੈਂਦੇ ਹੋਏ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਸਬੰਧ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਡਾਇਰੈਕਟਰ ਐਜੂਕੇਸ਼ਨ ਨੂੰ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।

ਸੁਣਵਾਈ ਦੀ ਅਗਲੀ ਤਰੀਕ 1 ਫਰਵਰੀ 2018 ਤੈਅ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਅਹਿਮਦ ਅੰਸਾਰੀ ਅਤੇ ਮੈਂਬਰ ਆਸ਼ੁਤੋਸ਼ ਮੋਹੰਤੋ ਨੇ ਨਗਰ-ਕੌਂਸਲ ਪ੍ਰਧਾਨ ਆਦਿਤਿਆ ਭਟਾਰਾ ਦੀ ਸ਼ਿਕਾਇਤ 'ਤੇ ਕਿਹਾ ਕਿ ਸ਼ਿਕਾਇਤ ਕਰਤਾ ਨੇ ਜੋ ਵੀ ਤੱਥ ਪੇਸ਼ ਕੀਤੇ ਹਨ, ਉਸ ਦਾ ਜਵਾਬ ਸਰਕਾਰ ਦੇਵੇ।