ਪੀ. ਯੂ. ਚੋਣਾਂ : ਗੈਂਗਸਟਰ ਵਿਗਾੜ ਸਕਦੇ ਹਨ ਚੋਣ ਮਾਹੌਲ, ਕੜ੍ਹੀ ਹੋਈ ਸੁਰੱਖਿਆ

 ਪੀ. ਯੂ. ਚੋਣਾਂ : ਗੈਂਗਸਟਰ ਵਿਗਾੜ ਸਕਦੇ ਹਨ ਚੋਣ ਮਾਹੌਲ, ਕੜ੍ਹੀ ਹੋਈ ਸੁਰੱਖਿਆ

ਚੰਡੀਗੜ੍ਹ - ਪੀ. ਯੂ. ਵਿਦਿਆਰਥੀ ਸੰਘ ਚੋਣਾਂ ਵਿਚ ਪੰਜਾਬ ਤੇ ਹਰਿਆਣਾ ਦੇ ਗੈਂਗਸਟਰ ਮਾਹੌਲ ਖਰਾਬ ਕਰ ਸਕਦੇ ਹਨ। 7 ਸਤੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਚੰਡੀਗੜ੍ਹ ਪੁਲਸ ਨੇ ਗੈਂਗਸਟਰਾਂ 'ਤੇ ਨਜ਼ਰ ਰੱਖਣ ਲਈ ਪੰਜਾਬ ਤੇ ਹਰਿਆਣਾ ਤੋਂ ਐਂਟੀ ਗੈਂਗ ਸਕੁਐਡ ਬੁਲਾਈ ਹੈ।

ਦੋਵਾਂ ਰਾਜਾਂ ਦੀ ਐਂਟੀ ਗੈਂਗ ਸਕੁਐਡ ਪੁਲਸ ਪੀ. ਯੂ. ਤੇ ਕਾਲਜਾਂ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਗੈਂਗਸਟਰਾਂ 'ਤੇ ਨਜ਼ਰ ਰੱਖੇਗੀ। ਚੰਡੀਗੜ੍ਹ ਪੁਲਸ ਨੇ ਦੋ ਸਤੰਬਰ ਨੂੰ ਪੁਸੂ ਪਾਰਟੀ ਦਾ ਸਟਿੱਕਰ ਕਾਰ 'ਤੇ ਲਾ ਕੇ ਪੀ. ਯੂ. ਜਾ ਰਹੇ ਗੈਂਗਸਟਰ ਜਤਿੰਦਰ ਸਿੰਘ ਜੈਜ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਜੈਜ਼ੀ 2012 ਵਿਚ ਕਬੱਡੀ ਖਿਡਾਰੀ ਸੌਦਾਗਰ ਸਿੰਘ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਉਥੇ ਹੀ 2016 ਵਿਚ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਨੇ ਪੀ. ਯੂ. ਚੋਣਾਂ ਦੌਰਾਨ 8 ਸਤੰਬਰ, 2016 ਵਿਚ ਫਾਇਰਿੰਗ ਕੀਤੀ ਸੀ, ਜਿਸ ਵਿਚ ਸੋਈ ਦੇ ਦੋ ਲੀਡਰ ਜ਼ਖਮੀ ਹੋਏ ਸਨ।

991 ਪੁਲਸ ਜਵਾਨਾਂ ਦੀ ਡਿਊਟੀ ਲੱਗੀ ਚੋਣਾਂ 'ਚ
ਚੰਡੀਗੜ੍ਹ ਪੁਲਸ ਨੇ ਵਿਦਿਆਰਥੀ ਸੰਘ ਚੋਣਾਂ ਲਈ 991 ਪੁਲਸ ਜਵਾਨਾਂ ਦੀ ਡਿਊਟੀ ਪੀ. ਯੂ. ਤੇ ਹੋਰ ਕਾਲਜਾਂ ਦੇ ਬਾਹਰ ਲਾਈ ਹੈ। ਇਸ ਦੀ ਅਗਵਾਈ ਖੁਦ ਐੈੱਸ. ਐੈੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਕਰੇਗੀ। ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ 8 ਡੀ. ਐੈੱਸ. ਪੀ., 26 ਇੰਸਪੈਕਟਰ ਤੇ 869 ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਥਾਣਾ ਇੰਚਾਰਜ, ਚੌਕੀ ਇੰਚਾਰਜ ਤੇ ਆਈ. ਆਰ. ਬੀ. ਜਵਾਨ ਤਾਇਨਾਤ ਕੀਤੇ ਗਏ ਹਨ। ਉਥੇ ਹੀ ਟ੍ਰੈਫਿਕ ਜਾਮ ਨਾਲ ਨਿਪਟਣ ਲਈ ਕਾਲਜਾਂ ਤੇ ਪੀ. ਯੂ. ਦੇ ਬਾਹਰ ਸਪੈਸ਼ਲ ਟ੍ਰੈਫਿਕ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ।