ਮੁੰਬਈ — ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਦੀ ਫਿਲਮ 'ਪਦਮਾਵਤ' ਨੇ ਰਿਲੀਜ਼ ਤੋਂ ਬਾਅਦ ਹੁਣ ਤਕ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਫਿਲਮ ਦੀ ਜ਼ਬਰਦਸਤ ਕਮਾਈ ਦਾ ਸਿਲਸਿਲਾ ਦੁਨੀਆ ਭਰ 'ਚ ਅਜੇ ਵੀ ਰੁਕਿਆ ਨਹੀਂ ਹੈ। ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 300 ਕਰੋੜ ਕਲੱਬ 'ਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਸਾਲ 2018 'ਚ ਇਹ ਕਾਰਨਾਮਾ ਕਰਨ ਵਾਲੀ 'ਪਦਮਾਵਤ' ਪਹਿਲੀ ਫਿਲਮ ਬਣ ਗਈ ਹੈ।
ਟਰੈਂਡ ਐਨਾਲਿਸਟ ਰਮੇਸ਼ ਬਾਲਾ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਕਮਾਈ ਦੇ ਅੰਕੜੇ ਟਵੀਟ ਕਰਦਿਆਂ ਦੱਸਿਆ ਹੈ ਕਿ ਇਸ ਫਿਲਮ ਨੇ ਦੁਨੀਆ ਭਰ 'ਚ 308 ਕਰੋੜ ਰੁਪਏ ਦੀ ਕਮਾਈ ਆਪਣੇ ਨਾਂ ਕਰ ਲਈ ਹੈ। ਦੱਸਣਯੋਗ ਹੈ ਕਿ 201.50 ਕਰੋੜ ਰੁਪਏ ਦੀ ਭਾਰਤ 'ਚ ਤੇ 106.50 ਕਰੋੜ ਰੁਪਏ ਦੀ ਓਵਰਸੀਜ਼ ਕਮਾਈ ਨਾਲ ਫਿਲਮ ਨੇ ਹੁਣ ਤਕ 308 ਕਰੋੜ ਰੁਪਏ ਦੀ ਕੁਲ ਕਮਾਈ ਕਰ ਲਈ ਹੈ। ਫਿਲਮ ਦੀ ਇਸ ਕਮਾਈ ਨਾਲ ਮੇਕਰਸ ਕਾਫੀ ਖੁਸ਼ ਹਨ।
ਇਹ ਫਿਲਮ ਰਣਵੀਰ ਸਿੰਘ, ਸ਼ਾਹਿਦ ਕਪੂਰ ਤੇ ਸੰਜੇ ਲੀਲਾ ਭੰਸਾਲੀ ਦੀ ਰਿਲੀਜ਼ ਦੇ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਹਾਲਾਂਕਿ ਦੀਪਿਕਾ ਪਾਦੁਕੋਣ ਅਜੇ ਵੀ ਆਪਣੀ ਫਿਲਮ 'ਹੈਪੀ ਨਿਊ ਈਅਰ' ਦਾ ਰਿਕਾਰਡ ਨਹੀਂ ਤੋੜ ਸਕੀ ਹੈ।