42ਵਾਂ ਟੋਰਾਂਟੋ ਫਿਲਮ ਫੈਸਟੀਵਲ ਹੋਇਆ ਸ਼ੁਰੂ, ਦਿਖਾਈਆਂ ਜਾਣਗੀਆਂ 400 ਫਿਲਮਾਂ

 42ਵਾਂ ਟੋਰਾਂਟੋ ਫਿਲਮ ਫੈਸਟੀਵਲ ਹੋਇਆ ਸ਼ੁਰੂ, ਦਿਖਾਈਆਂ ਜਾਣਗੀਆਂ 400 ਫਿਲਮਾਂ

ਟੋਰਾਂਟੋ— ਕੇਨੇਡਾ ਵਿੱਚ 42ਵਾਂ ਟੋਰਾਂਟੋ ਫਿਲਮ ਫੈਸਟੀਵਲ (ਟਿੱਫ) ਸ਼ੁਰੂ ਹੋ ਗਿਆ ਹੈ। 1976 'ਚ ਸ਼ੁਰੂ ਹੋਇਆ ਇਹ ਫਿਲਮ ਮੇਲਾ ਹੁਣ ਆਸਕਰ ਨਾਮਜ਼ਦੀ ਲਈ ਮੰਚ ਬਣ ਗਿਆ ਹੈ। ਜਾਣਕਾਰੀ ਦੇ ਮੁਤਾਬਕ ਫੈਸਟੀਲ ਦੌਰਾਨ ਸ਼ਹਿਰ ਦੇ 10 ਸਿਨਮਾ ਘਰਾਂ ਵਿੱਚ 71 ਮੁਲਕਾਂ ਦੀਆਂ ਕੋਈ 400 ਫਿਲਮਾਂ ਦਿਖਾਈਆਂ ਜਾਣਗੀਆਂ। ਬਾਲੀਵੂਡ ਅਦਾਕਾਰ ਪ੍ਰਿਅੰਕਾ ਚੋਪੜਾ ਨੂੰ 'ਗੈਸਟ ਆਫ ਆਨਰ' ਇਸ ਫੈਸਟੀਲ ਵਿੱਚ ਖ਼ਾਸ ਤੌਰ ਤੇ ਬੁਲਾਇਆ ਗਿਆ ਸੀ।

ਦੱਸਣਯੋਗ ਹੈ ਕਿ ਪ੍ਰਿਅੰਕਾ ਯੂਨੀਸੈਫ ਦੀ ਅੰਬੈਸਡਰ ਹੈ ਅਤੇ ਇਕ ਚੈਰਿਟੀ ਵੀ ਚਲਾਉਂਦੀ ਹੈ। ਟਿੱਫ ਵਿੱਚ ਇਸ ਵਾਰ ਚਾਰ ਲੱਖ ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਫਿਲਮੀ ਸਿਤਾਰਿਆਂ ਦੀ ਆਮਦ ਅਤੇ ਗਹਿਮਾ ਗਹਿਮੀ ਦੇ ਮੱਦੇਨਜ਼ਰ ਕਈ ਸੜਕਾਂ ਬੰਦ ਕੀਤੀਆਂ ਗਈਆਂ ਹਨ। ਇਸ ਵਾਰ ਭਾਰਤੀ ਮੂਲ ਦੇ ਨਿਰਦੇਸ਼ਕਾਂ ਦੀਆਂ ਕੁਝ ਫਿਲਮਾਂ ਪਹੁੰਚੀਆਂ ਹਨ, ਜਿਨ੍ਹਾਂ 'ਚ ਅਨੁਰਾਗ ਕਸ਼ਅੱਪ ਦੀ 'ਮੁੱਕੇਬਾਜ਼', ਹੰਸਲ ਮਹਿਤਾ ਦੀ 'ਓਮਰਟਾ' ਅਤੇ ਬੋਰਨਿਲਾ ਚੈਟਰਜੀ ਦੀ 'ਦਿ ਹੰਗਰੀ' ਸ਼ਾਮਲ ਹਨ। ਇਸ ਤੋਂ ਇਲਾਵਾ ਡੈਨਿਜ਼ ਗਾਮਜ਼ੀ ਦੀ 'ਕਿੰਗਜ਼', ਜੈਨੀਫਰ ਬੈਚਵਾਲ ਦੀ 'ਲੌਂਗ ਟਾਈਮ ਰਨਿੰਗ' ਆਦਿ ਪ੍ਰਮੁੱਖ ਫਿਲਮਾਂ ਸਮੇਤ 25 ਵਰਲਡ ਪ੍ਰੀਮੀਅਰ, 6 ਉੱਤਰੀ ਅਮਰੀਕਨ ਅਤੇ 8 ਕੈਨੇਡੀਅਨ ਪ੍ਰੀਮੀਅਰ ਹੋਣਗੇ। ਇਸ ਮੇਲੇ ਵਿੱਚ ਗਾਇਕਾ 'ਲੇਡੀ ਗਾਗਾ' ਦਾ ਖਾਸ ਸ਼ੋਅ ਕਰਾਇਆ ਜਾ ਰਿਹਾ ਹੈ।