ਮਹਾਰਾਸ਼ਟਰ ਮਹਿਲਾ ਕਮਿਸ਼ਨ ਵਲੋਂ ਨਾਨਾ ਪਾਟੇਕਰ ਨੂੰ ਨੋਟਿਸ

ਮਹਾਰਾਸ਼ਟਰ ਮਹਿਲਾ ਕਮਿਸ਼ਨ ਵਲੋਂ ਨਾਨਾ ਪਾਟੇਕਰ ਨੂੰ ਨੋਟਿਸ

ਮੁੰਬਈ- ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਸਾਬਕਾ ਮਿਸ ਇੰਡੀਆ ਤੇ ਫ਼ਿਲਮ ਅਭਿਨੇਤਰੀ ਤਨੂਸ੍ਰੀ ਦੱਤ ਵਲੋਂ ਲਗਾਏ ਜਿਣਸੀ ਛੇੜ-ਛਾੜ ਦੇ ਦੋਸ਼ਾਂ ਦੇ ਆਧਾਰ 'ਤੇ ਫ਼ਿਲਮ ਅਦਾਕਾਰ ਨਾਨਾ ਪਾਟੇਕਰ, ਫ਼ਿਲਮ ਨਿਰਦੇਸ਼ਕ ਰਾਕੇਸ਼ ਸਾਰੰਗ ਤੇ ਕੋਰੀਓਗ੍ਰਾਫ਼ਰ ਗਣੇਸ਼ ਆਚਾਰੀਆ ਨੂੰ ਨੋਟਿਸ ਭੇਜ ਦਿੱਤੇ ਹਨ | ਉਨ੍ਹਾਂ ਤਿੰਨਾਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ | ਪੈਨਲ ਨੇ ਤਨੂਸ੍ਰੀ ਵਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਦੀ ਹੁਣ ਤੱਕ ਦੀ ਜਾਂਚ ਵੀ ਮੰਗੀ ਹੈ ਤੇ ਅਭਿਨੇਤਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਮਿਸ਼ਨ ਦੇ ਦਫ਼ਤਰ ਆਉਣ ਲਈ ਕਿਹਾ ਹੈ | ਦੱਸਣਯੋਗ ਹੈ ਕਿ ਤਨੂਸ੍ਰੀ ਵਲੋਂ ਸਨਿੱਚਰਵਾਰ ਨੂੰ ਓਸ਼ੀਵਾਰਾ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ | ਦੂਜੇ ਪਾਸੇ ਨਾਨਾ ਪਾਟੇਕਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਤੇ ਉਨ੍ਹਾਂ ਦੇ ਵਕੀਲ ਵਲੋਂ ਤਨੂਸ੍ਰੀ ਨੂੰ ਵੀ ਦਹਾਕਿਆਂ ਪੁਰਾਣੀ ਘਟਨਾ ਸਬੰਧੀ ਗ਼ਲਤ ਦੋਸ਼ ਲਗਾਉਣ ਦੇ ਦੋਸ਼ 'ਚ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ।