ਸੁਆਦੀ ਮੂੰਗ ਦਾਲ ਦੀ ਖੀਰ

ਸੁਆਦੀ ਮੂੰਗ ਦਾਲ ਦੀ ਖੀਰ

 


ਮੁੰਬਈ— ਚੌਲਾਂ ਦੀ ਖੀਰ ਤਾਂ ਤੁਸੀਂ ਸਾਰਿਆਂ ਨੇ ਖਾਧੀ ਹੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਮੂੰਗ ਦਾਲ ਦੀ ਖੀਰ ਬਣਾਉਣੀ ਦੱਸ ਰਹੇ ਹਾਂ। ਇਸ ਦਾਲ 'ਚ ਪ੍ਰੋਟੀਨ ਅਤੇ ਖਣਿਜ ਭਰਪੂਰ ਮਾਤਰਾ 'ਚ ਹੁੰਦੇ ਹਨ। ਜਦੋਂ ਤੁਸੀਂ ਇਸ ਦਾਲ ਨੂੰ ਦੁੱਧ ਨਾਲ ਮਿਲਾ ਕੇ ਖੀਰ ਬਣਾਉਂਦੇ ਹੋ ਤਾਂ ਇਸ ਦੀ ਪੌਸ਼ਟਿਕਤਾ ਦੁਗਣੀ ਹੋ ਜਾਂਦੀ ਹੈ। ਇਸ ਖੀਰ ਨੂੰ ਆਸਾਨੀ ਨਾਲ ਘਰ 'ਚ ਹੀ ਬਣਾਇਆ ਜਾ ਸਕਦਾ ਹੈ।
ਸਮੱਗਰੀ
- ਅੱਧਾ ਕੱਪ ਚੌਲ
- ਇਕ ਚੌਥਾਈ ਕੱਪ ਮੂੰਗ ਦਾਲ
- ਦੋ ਕੱਪ ਦੁੱਧ
- ਅੱਧਾ ਕੱਪ ਗੁੜ
- ਅੱਧਾ ਚਮਚ ਇਲਾਇਚੀ ਪਾਊਡਰ
- ਦੋ ਚਮਚ ਘਿਓ
- ਤਿੰਨ ਕੱਪ ਪਾਣੀ
- ਕੇਸਰ (ਗਰਮ ਦੁੱਧ 'ਚ ਭਿੱਜਿਆ ਹੋਇਆ)
- ਇਕ ਚਮਚ ਕਾਜੂ
- ਇਕ ਚਮਚ ਬਦਾਮ
- ਇਕ ਚਮਚ ਕਿਸ਼ਮਿਸ਼
ਵਿਧੀ
1. ਗੈਸ 'ਤੇ ਇਕ ਕੜਾਹੀ ਰੱਖੋ ਅਤੇ ਉਸ 'ਚ ਘਿਓ ਪਾ ਕੇ ਗਰਮ ਕਰੋ।
2. ਹੁਣ ਇਸ 'ਚ ਕਾਜੂ ਅਤੇ ਬਦਾਮ ਪਾ ਕੇ ਹਲਕਾ ਭੁੰਨ ਲਓ। ਫਿਰ ਗੈਸ ਬੰਦ ਕਰ ਕੇ ਇਸ 'ਚ ਕਿਸ਼ਮਿਸ਼ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਹੁਣ ਦੋਬਾਰਾ ਗੈਸ 'ਤੇ ਇਸੇ ਕੜਾਹੀ 'ਚ ਮੂੰਗ ਦਾਲ ਅਤੇ ਚੌਲ ਪਾਓ ਅਤੇ ਦੋਹਾਂ ਨੂੰ ਸੁਨਹਿਰੀ ਹੋਣ ਤੱਕ ਭੁੰਨੋ। ਜੇ ਤੁਸੀਂ ਭੁੰਨਣਾ ਨਹੀਂ ਚਾਹੁੰਦੇ ਤਾਂ ਦਾਲ ਅਤੇ ਚੌਲਾਂ ਨੂੰ ਪਾਣੀ 'ਚ ਪਾ ਕੇ ਕੁੱਕਰ 'ਚ ਹੌਲੀ ਗੈਸ 'ਤੇ ਦੋ-ਤਿੰੰੰਨ ਸੀਟੀਆਂ ਮਰਵਾ ਲਓ। ਜਦੋਂ ਇਹ ਪੱਕ ਜਾਵੇ ਤਾਂ ਇਸ ਨੂੰ ਕੱਢ ਕੇ ਵੱਖਰਾ ਰੱਖ ਦਿਓ।
4. ਹੁਣ ਗੈਸ 'ਤੇ ਦੂਜੀ ਕੜਾਹੀ 'ਚ ਘਿਓ ਪਾ ਕੇ ਉਸ 'ਚ ਪੱਕੇ ਹੋਏ ਚੌਲ ਅਤੇ ਮੂੰਗ ਦਾਲ ਪਾਓ। ਇਸ 'ਚ ਗੁੜ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਘੁੱਲਣ ਦਿਓ।
5. ਜਦੋਂ ਗੁੜ ਘੁੱਲ ਜਾਵੇ ਅਤੇ ਮਿਸ਼ਰਣਾ ਗਾੜਾ ਹੋ ਜਾਵੇ ਤਾਂ ਇਸ 'ਚ ਇਲਾਇਚੀ ਪਾਊਡਰ ਅਤੇ ਕੇਸਰ ਪਾ ਦਿਓ। ਦੋ-ਤਿੰਨ ਮਿੰਟ ਪਕਾਉਣ ਮਗਰੋਂ ਗੈਸ ਬੰਦ ਕਰ ਦਿਓ।
6. ਹੁਣ ਇਸ ਮਿਸ਼ਰਣ 'ਚ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਅਤੇ ਬਦਾਮ ਮਿਲਾਓ।
7. ਹੁਣ ਇਸ 'ਚ ਉਬਲਿਆ ਅਤੇ ਠੰਡਾ ਕੀਤਾ ਦੁੱਧ ਮਿਲਾਓ।
8. ਮੂੰਗ ਦਾਲ ਦੀ ਖੀਰ ਤਿਆਰ ਹੈ। ਇਸ ਖੀਰ ਨੂੰ ਫਰਿੱਜ 'ਚ ਠੰਡਾ ਕਰ ਕੇ ਸਰਵ ਕਰੋ।