ਪੰਜਾਬ ‘ਚ ਸਮੋਗ ਕਹਿਰ ਜਾਰੀ , ਲੱਗ ਰਹੇ ਹਨ ਵੱਡੇ-ਵੱਡੇ ਪਾਵਰ ਕੱਟ

ਪੰਜਾਬ ‘ਚ ਸਮੋਗ ਕਹਿਰ ਜਾਰੀ , ਲੱਗ ਰਹੇ ਹਨ ਵੱਡੇ-ਵੱਡੇ ਪਾਵਰ ਕੱਟ

ਪਟਿਆਲਾ : ਜਿੱਥੇ ਸਮੋਗ ਕਾਰਨ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਇਸ ਵੇਲੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਤਕਨੀਕੀ ਕਾਰਨਾਂ ਕਰ ਕੇ ਵੱਡੇ-ਵੱਡੇ ਪਾਵਰ ਕੱਟ ਲਾਉਣੇ ਪੈ ਰਹੇ ਹਨ। ਸਮੋਗ ਨਾਲ ਹੀ ਧੁੰਦ ਦਾ ਰਲੇਵਾਂ ਅਜਿਹੇ ਹਾਲਾਤ ਪੈਦਾ ਕਰ ਰਿਹਾ ਹੈ, ਜਿਸ ਦੀ ਬਦੌਲਤ ਵਾਤਾਵਰਣ ਵਿਚ ਨਮੀ ਵਧ ਰਹੀ ਹੈ। ਇਸ ਕਾਰਨ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨਾਂ 'ਤੇ ਇਨ੍ਹਾਂ ਦੀ ਪਰਤ ਜੰਮ ਰਹੀ ਹੈ। ਪਾਵਰ ਲਾਈਨਾਂ ਟ੍ਰਿਪ ਕਰ ਰਹੀਆਂ ਹਨ। ਸਮੋਗ ਅਤੇ ਧੁੰਦ ਦੇ ਰਲੇਵੇਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਮਾਲਵਾ ਇਲਾਕਾ ਹੋਇਆ ਹੈ। ਇਸ ਵਿਚ 5 ਦਿਨਾਂ 'ਚ 7 ਵਾਰ ਬਿਜਲੀ ਟ੍ਰਿਪ ਕਰ ਗਈ। ਇਸ ਦੇ ਕਾਰਨ ਹੀ 1800 ਮੈਗਾਵਾਟ ਦੇ ਤਲਵੰਡੀ ਸਾਬੋ ਬਿਜਲੀ ਪਲਾਂਟ ਵਿਚ ਬਿਜਲੀ ਉਤਪਾਦਨ ਦੋ ਵਾਰ ਪ੍ਰਭਾਵਿਤ ਹੋਇਆ, ਜਿਸ ਦੀ ਬਦੌਲਤ ਪਾਵਰਕਾਮ ਨੂੰ ਖਪਤਕਾਰਾਂ ਲਈ ਬਿਜਲੀ ਕੱਟ ਲਾਉਣੇ ਪਏ। ਐਤਵਾਰ ਨੂੰ ਵੀ ਇਸ ਤਰ੍ਹਾਂ ਦੇ ਹੀ ਹਾਲਾਤ ਰਹੇ ਤੇ ਦੇਰ ਰਾਤ ਤੱਕ ਤਲਵੰਡੀ ਸਾਬੋ ਪਲਾਂਟ ਨਹੀਂ ਚੱਲ ਸਕਿਆ।

ਪੀਕ ਸੀਜ਼ਨ 'ਚ ਮਿਲੀ ਨਿਰਵਿਘਨ ਸਪਲਾਈ ਪਰ ਹੁਣ ਲੱਗੀਆਂ ਬ੍ਰੇਕਾਂ
ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਨੇ ਬਿਜਲੀ ਦੀ ਮੰਗ ਦਾ ਸਿਖਰਲਾ ਸੀਜ਼ਨ ਹੋਣ ਦੇ ਬਾਵਜੂਦ 11 ਤੋਂ 12 ਹਜ਼ਾਰ ਮੈਗਾਵਾਟ ਬਿਜਲੀ ਸਪਲਾਈ ਨਿਰਵਿਘਨ ਦਿੱਤੀ। ਸਮੋਗ ਤੇ ਧੁੰਦ ਦੀ ਬਦੌਲਤ ਚਾਲੂ ਸੀਜ਼ਨ ਦੌਰਾਨ 4 ਹਜ਼ਾਰ ਮੈਗਾਵਾਟ ਦੀ ਸਪਲਾਈ ਨਿਰਵਿਘਨ ਦੇਣ ਵਿਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨਾਂ ਟ੍ਰਿਪ ਕਰ ਰਹੀਆਂ ਹਨ।

ਸਰਕਾਰੀ ਥਰਮਲ ਪਹਿਲਾਂ ਹੀ ਹਨ ਬੰਦ
ਬਿਜਲੀ ਦੀ ਮੰਗ ਵਿਚ ਗਿਰਾਵਟ ਕਾਰਨ ਪਾਵਰਕਾਮ ਨੇ ਰੋਪੜ, ਲਹਿਰਾ ਅਤੇ ਬਠਿੰਡਾ ਸਥਿਤ ਆਪਣੇ ਥਰਮਲ ਪਲਾਟਾਂ ਦੇ ਬਿਜਲੀ ਯੂਨਿਟ ਪਹਿਲਾਂ ਹੀ ਬੰਦ ਕੀਤੇ ਹੋਏ ਹਨ। ਬਿਜਲੀ ਦੀ ਕੁੱਲ 4 ਹਜ਼ਾਰ ਮੈਗਾਵਾਟ ਮੰਗ ਵਿਚੋਂ 50 ਫੀਸਦੀ ਯਾਨੀ 2000 ਮੈਗਾਵਾਟ ਦੀ ਸਪਲਾਈ ਇਸ ਵੇਲੇ ਤਲਵੰਡੀ ਸਾਬੋ ਪਲਾਂਟ ਅਤੇ ਰਾਜਪੁਰਾ ਪਲਾਂਟ ਵੱਲੋਂ ਕੀਤੀ ਜਾ ਰਹੀ ਹੈ।

ਤਲਵੰਡੀ ਸਾਬੋ ਪਲਾਂਟ ਵਿਚੋਂ 400 ਕੇ. ਵੀ. ਦੀਆਂ 6 ਲਾਈਨਾਂ ਨਿਕਲਦੀਆਂ ਹਨ। ਇਸ ਵਿਚੋਂ 2 ਲਾਈਨਾਂ ਮੁਕਤਸਰ, 2 ਧੂਰੀ ਅਤੇ 1-1 ਨਕੋਦਰ ਤੇ ਮੋਗਾ ਨੂੰ ਜੋੜਦੀ ਹੈ। 6 ਨਵੰਬਰ ਨੂੰ ਤਲਵੰਡੀ ਪਲਾਂਟ ਦੀ ਮੁਕਤਸਰ ਲਾਈਨ ਸਵੇਰੇ 4.45 'ਤੇ ਟ੍ਰਿਪ ਹੋਈ ਤਾਂ ਬਾਕੀ ਦੀਆਂ ਲਾਈਨਾਂ ਵੀ ਇਕ ਤੋਂ ਬਾਅਦ ਇਕ ਟ੍ਰਿਪ ਹੁੰਦੀਆਂ ਚਲੀਆਂ ਗਈਆਂ। ਇਸ ਕਾਰਨ ਬਿਜਲੀ ਪੈਦਾਵਾਰ ਪ੍ਰਭਾਵਿਤ ਹੋਈ। ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਵਿਚ ਲੰਬਾ ਸਮਾਂ ਲੱਗ ਗਿਆ।

ਤਕਨੀਕੀ ਨੁਕਸਾਂ ਅੱਗੇ ਬੇਵੱਸ ਹੋਇਆ ਪਾਵਰਕਾਮ
ਕੁਦਰਤ ਦੀ ਬਦੌਲਤ ਪੈਦਾ ਹੋਏ ਇਸ ਅਜੀਬੋ-ਗਰੀਬ ਮੌਸਮ ਵਿਚ ਬਿਜਲੀ ਲਾਈਨਾਂ ਟ੍ਰਿਪ ਕਰਨ ਨਾਲ ਪਾਵਰਕਾਮ ਕੋਲ ਬਿਜਲੀ ਕੱਟ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦੌਰਾਨ ਵੀ ਪੂਰੀ ਸਪਲਾਈ ਦਿੱਤੀ ਸੀ। ਇਸ ਮੌਸਮ ਦੌਰਾਨ ਆਮ ਕਰ ਕੇ ਮੀਂਹ ਪੈ ਜਾਂਦਾ ਹੈ ਪਰ ਇਸ ਵਾਰ ਨਹੀਂ ਪਿਆ। ਸਪਲਾਈ ਵਿਚ ਰੁਕਾਵਟਾਂ ਦਾ ਇਹ ਵੱਡਾ ਕਾਰਨ ਹੈ।