ਹੁਣ ਇਸ ਤਰ੍ਹਾਂ ਹੋ ਸਕੇਗਾ ਪੈਟਰੋਲ ਪੰਪ ‘ਤੇ ਭੁਗਤਾਨ!

ਹੁਣ ਇਸ ਤਰ੍ਹਾਂ ਹੋ ਸਕੇਗਾ ਪੈਟਰੋਲ ਪੰਪ ‘ਤੇ ਭੁਗਤਾਨ!

ਨਵੀਂ ਦਿੱਲੀ— ਆਉਣ ਵਾਲੇ ਦਿਨਾਂ 'ਚ ਜਦੋਂ ਤੁਸੀਂ ਪੈਟਰੋਲ ਪੰਪ 'ਤੇ ਜਾਓਗੇ ਤਾਂ ਸ਼ਾਇਦ ਪੈਟਰੋਲ-ਡੀਜ਼ਲ ਖਰੀਦਣ ਲਈ ਤੁਹਾਨੂੰ ਨਕਦੀ, ਕਾਰਡ ਜਾਂ ਮੋਬਾਇਲ ਫੋਨ ਦੀ ਜ਼ਰੂਰਤ ਨਾ ਪਵੇ। ਤੁਹਾਨੂੰ ਸਿਰਫ ਆਧਾਰ ਨੰਬਰ ਯਾਦ ਰੱਖਣ ਦੀ ਜ਼ਰੂਰਤ ਹੋਵੇਗੀ। ਸਰਕਾਰ ਅਗਲੇ ਕੁਝ ਦਿਨਾਂ 'ਚ ਅਜਿਹਾ ਭੁਗਤਾਨ ਸਿਸਟਮ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਤੇਲ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਕੰਪਨੀ ਟਾਟਾ ਸਲਾਹਕਾਰੀ ਸਰਵਿਸਿਜ਼ (ਟੀ ਸੀ ਐੱਸ) ਨੂੰ ਸ਼ੁਰੂਆਤ 'ਚ 1,000 ਪੈਟਰੋਲ ਪੰਪਾਂ 'ਤੇ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਕਿਹਾ ਹੈ। ਟੀ. ਸੀ. ਐੱਸ. ਨੇ ਇਸ ਲਈ ਹਾਂ ਵੀ ਕਹਿ ਦਿੱਤੀ ਹੈ।

ਸਿੱਧੇ ਬੈਂਕ ਤੋਂ ਹੋ ਜਾਵੇਗਾ ਭੁਗਤਾਨ

ਟੀ. ਸੀ. ਐੱਸ. ਅਜਿਹੇ ਸਿਸਟਮ 'ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਪੈਟਰੋਲ ਜਾਂ ਡੀਜ਼ਲ ਭਰਾਉਣ ਦੇ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਦੱਸਣਾ ਹੋਵੇਗਾ। ਇਹ ਨੰਬਰ ਇਕ ਮਸ਼ੀਨ 'ਚ ਭਰਿਆ ਜਾਵੇਗਾ ਅਤੇ ਉਸ ਦੇ ਬਾਅਦ ਤੁਹਾਡੇ ਅੰਗੂਠੇ ਨਾਲ ਤਸਦੀਕ ਕੀਤੀ ਜਾਵੇਗੀ। ਤਸਦੀਕ ਹੁੰਦੇ ਹੀ ਤੁਹਾਡੇ ਬੈਂਕ ਖਾਤੇ 'ਚੋਂ ਸਿੱਧੇ ਭੁਗਤਾਨ ਹੋ ਜਾਵੇਗਾ। ਹਾਲਾਂਕਿ ਇਸ ਸੁਵਿਧਾ ਦਾ ਲਾਭ ਤੁਸੀਂ ਉਦੋਂ ਹੀ ਲੈ ਸਕਦੇ ਹੋ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਦਿੱਤਾ ਹੋਵੇ।

ਨਹੀਂ ਹੋਵੇਗੀ ਧੋਖਾਧੜੀ

ਜੇਕਰ ਇਹ ਯੋਜਨਾ ਪੂਰੀ ਤਰ੍ਹਾਂ ਸਫਲ ਰਹੀ ਤਾਂ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਤੁਹਾਨੂੰ ਹੋਵੇਗਾ। ਤੁਹਾਡੀ ਮੌਜੂਦਗੀ ਹੀ ਕਾਰਡ ਦਾ ਕੰਮ ਕਰੇਗੀ ਅਤੇ ਦੁਰਵਰਤੋਂ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਤੁਹਾਡੇ ਅੰਗੂਠੇ ਦੇ ਬਿਨਾਂ ਭੁਗਤਾਨ ਨਹੀਂ ਹੋਵੇਗਾ। 

ਡਿਜੀਟਲ ਭੁਗਤਾਨ ਪੰਪਾਂ 'ਤੇ ਮਿਲ ਰਹੀ ਛੋਟ

ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਹਫਤੇ ਸਰਕਾਰੀ ਤੇਲ ਕੰਪਨੀਆਂ ਦੇ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਦੇ ਬਦਲੇ ਡਿਜੀਟਲ ਭੁਗਤਾਨ 'ਤੇ 0.75 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਮੋਟੇ ਤੌਰ 'ਤੇ ਪੈਟਰੋਲ 'ਤੇ ਤਕਰੀਬਨ 50 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ ਤਕਰੀਬਨ 40 ਪੈਸੇ ਪ੍ਰਤੀ ਲੀਟਰ ਦੀ ਛੋਟ ਮਿਲ ਸਕੇਗੀ।