ਹੁਣ ਖਾਤੇ ‘ਚੋਂ ਨਹੀਂ ਕਢਵਾ ਸਕੋਗੇ ਪੈਸੇ!

ਹੁਣ ਖਾਤੇ ‘ਚੋਂ ਨਹੀਂ ਕਢਵਾ ਸਕੋਗੇ ਪੈਸੇ!

ਨਵੀਂ ਦਿੱਲੀ— ਰਿਜ਼ਰਵ ਬੈਂਕ ਨੇ ਉਨ੍ਹਾਂ ਖਾਤਿਆਂ 'ਚੋਂ ਪੈਸੇ ਕਢਵਾਉਣ 'ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਨੇ 9 ਨਵੰਬਰ 2016 ਤੋਂ ਬਾਅਦ 2 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਜਮ੍ਹਾ ਕਰਾਏ ਹਨ ਅਤੇ ਜਿਨ੍ਹਾਂ 'ਚ 5 ਲੱਖ ਰੁਪਏ ਤੋਂ ਜ਼ਿਆਦਾ ਬਕਾਇਆ ਹੈ। ਆਰ. ਬੀ. ਆਈ. ਦੀ ਨਵੀਂ ਅਧਿਸੂਚਨਾ ਮੁਤਾਬਕ, ਪੈਨ ਕਾਰਡ ਜਾਂ ਫਾਰਮ-60 (ਜੇਕਰ ਪੈਨ ਨਹੀਂ ਹੈ ਤਾਂ) ਜਮ੍ਹਾ ਕੀਤੇ ਬਿਨਾਂ ਇਨ੍ਹਾਂ ਖਾਤਿਆਂ 'ਚੋਂ ਪੈਸੇ ਨਹੀਂ ਕਢਵਾਏ ਜਾ ਸਕਦੇ ਅਤੇ ਨਾ ਹੀ ਟਰਾਂਸਫਰ ਕੀਤੇ ਜਾ ਸਕਦੇ ਹਨ। ਕੁਝ ਬੈਂਕਾਂ 'ਚ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਦੀਆਂ ਸਖਤ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਇਸ ਦੇ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਬੈਂਕਾਂ ਨੂੰ ਕੇ. ਵਾਈ. ਸੀ. ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਨਿਯਮ ਉਨ੍ਹਾਂ ਦੋਹਾਂ ਤਰ੍ਹਾਂ ਦੇ ਖਾਤਿਆਂ 'ਤੇ ਲਾਗੂ ਹੋਣਗੇ- ਜਿਨ੍ਹਾਂ 'ਚ 5 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਦਾ ਬਕਾਇਆ ਹੋਵੇ ਅਤੇ ਜਿਨ੍ਹਾਂ 'ਚ 9 ਨਵੰਬਰ 2016 ਤੋਂ ਬਾਅਦ ਕੁੱਲ ਜਮ੍ਹਾ ਰਕਮ 2 ਲੱਖ ਰੁਪਏ ਤੋਂ ਜ਼ਿਆਦਾ ਹੋਵੇ।

ਆਰ. ਬੀ. ਆਈ. ਨੇ ਅੱਗੇ ਕਿਹਾ ਹੈ ਕਿ ਜੇਕਰ ਕੋਈ ਖਾਤਾ ਨਿਰਧਾਰਤ ਹੱਦ ਤੋਂ ਜ਼ਿਆਦਾ ਰਕਮ ਜਮ੍ਹਾ ਹੋਣ ਕਾਰਨ ਛੋਟੇ ਖਾਤੇ ਦੀ ਸ਼੍ਰੇਣੀ ਲਈ ਅਯੋਗ ਹੋ ਜਾਂਦਾ ਹੈ ਤਾਂ ਉਨ੍ਹਾਂ 'ਚੋਂ ਪੈਸੇ ਕਢਵਾਉਣ ਦੀ ਹੱਦ ਛੋਟੇ ਖਾਤੇ 'ਚੋਂ ਪੈਸੇ ਕਢਵਾਉਣ ਦੇ ਨਿਯਮਾਂ ਮੁਤਾਬਕ ਹੋਵੇਗੀ। ਛੋਟੇ ਖਾਤੇ 'ਚੋਂ ਇਕ ਮਹੀਨੇ 'ਚ 10 ਹਜ਼ਾਰ ਰੁਪਏ ਹੀ ਕਢਵਾਉਣ ਦੀ ਆਗਿਆ ਹੁੰਦੀ ਹੈ। ਇੰਨਾ ਹੀ ਨਹੀਂ, ਛੋਟੇ ਖਾਤੇ 'ਚ ਇਕ ਮਾਲੀ ਸਾਲ 'ਚ ਕੁੱਲ ਜਮ੍ਹਾ ਕੀਤੀ ਗਈ ਰਕਮ ਇਕ ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦੀ। 

ਆਰ. ਬੀ. ਆਈ. ਦਾ ਕਹਿਣਾ ਹੈ ਕਿ ਕਈ ਖਾਤਿਆਂ 'ਚ ਕੇ. ਵਾਈ. ਸੀ. ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ। ਕੇਂਦਰੀ ਬੈਂਕ ਨੇ ਨੋਟਬੰਦੀ ਤੋਂ ਬਾਅਦ ਜਾਅਲੀ ਖਾਤੇ ਖੋਲ੍ਹੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਸੀ, ਜਿਨ੍ਹਾਂ 'ਚ ਗਲਤ ਤਰੀਕੇ ਨਾਲ ਪੈਸੇ ਟਰਾਂਸਫਰ ਕੀਤੇ ਜਾ ਰਹੇ ਸਨ। ਹੁਣ ਆਰ. ਬੀ. ਆਈ. ਨੇ ਕਿਹਾ ਹੈ ਕਿ ਜਿਨ੍ਹਾਂ ਖਾਤਿਆਂ 'ਚ ਕੇ. ਵਾਈ. ਸੀ. ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ, ਉਨ੍ਹਾਂ 'ਚੋਂ ਕਿਸੇ ਵੀ ਤਰ੍ਹਾਂ ਪੈਸੇ ਨਹੀਂ ਕਢਵਾਏ ਜਾ ਸਕਦੇ।