ਦਿੱਲੀ ਹਵਾ ਪ੍ਰਦੂਸ਼ਣ : ਐੱਨ.ਜੀ.ਟੀ. ਨੇ ਮੰਗਿਆ ਨਵਾਂ ਐਕਸ਼ਨ ਪਲਾਨ

ਦਿੱਲੀ ਹਵਾ ਪ੍ਰਦੂਸ਼ਣ : ਐੱਨ.ਜੀ.ਟੀ. ਨੇ ਮੰਗਿਆ ਨਵਾਂ ਐਕਸ਼ਨ ਪਲਾਨ

ਨਵੀਂ ਦਿੱਲੀ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਬੁੱਧਵਾਰ ਨੂੰ ਦਿੱਲੀ ਹਰਿਆਣਾ ਅਤੇ ਪੰਜਾਬ ਸਰਕਾਰਾਂ ਨੂੰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਵੀਰਵਾਰ ਨੂੰ ਇਕ ਕਾਰਜਯੋਜਨਾ ਦੱਸਣ ਲਈ ਕਿਹਾ। ਐੱਨ.ਜੀ.ਟੀ. ਦੇ ਚੇਅਰਮੈਨ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਹ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣੱਵਤਾ ਕਦੇ ਆਮ ਨਹੀਂ ਰਹੀ। ਬੈਂਚ ਨੇ ਕਿਹਾ,''ਤੁਸੀਂ ਸਾਰੇ (ਰਾਜ) ਸਾਨੂੰ ਦੱਸੋ ਕਿ ਤੁਸੀਂ ਪ੍ਰਦੂਸ਼ਣ ਦੇ ਕਿਸ ਪੱਧਰ 'ਤੇ ਕੀ ਕਦਮ ਚੁੱਕੋਗੇ। ਪ੍ਰਦੂਸ਼ਣ ਰੋਕਣ ਲਈ ਤੁਹਾਡੇ ਆਮ ਕਦਮ ਕੀ ਹਨ। ਦਿੱਲੀ ਸਰਕਾਰ ਨੇ ਸੁਣਵਾਈ ਦੌਰਾਨ ਸਮੱਸਿਆਵਾਂ ਨਾਲ ਨਜਿੱਠਣ ਲਈ ਇਕ ਕਾਰਜ ਯੋਜਨਾ ਪੇਸ਼ ਕੀਤੀ, ਜਿਸ 'ਚ ਨਿਰਮਾਣ ਗਤੀਵਿਧੀਆਂ ਅਤੇ ਟਰੱਕਾਂ ਦੇ ਪ੍ਰਵੇਸ਼ 'ਤੇ ਰੋਕ ਅਤੇ ਵਾਹਨਾਂ ਨੂੰ ਚਲਾਉਣ ਦੀ ਓਡ-ਈਵਨ ਯੋਜਨਾ ਦੇ ਅਮਲ ਸਮੇਤ ਹੋਰ ਕਦਮ ਸ਼ਾਮਲ ਹਨ।'' ਹਾਲਾਂਕਿ ਬੈਂਚ ਨੇ ਦਿੱਲੀ ਸਰਕਾਰ ਦੇ ਵਕੀਲ ਤੋਂ ਇਕ ਰਿਪੋਰਟ ਦਾਖਲ ਕਰਨ ਲਈ ਕਿਹਾ, ਜਿਸ 'ਚ ਓਡ-ਈਵਨ ਯੋਜਨਾ 'ਚ ਦਿੱਤੀ ਜਾਣ ਵਾਲੀ ਛੂਟ ਦਾ ਵੀ ਵੇਰਵਾ ਸ਼ਾਮਲ ਹੋਵੇ।

ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਤੁਰੰਤ ਨਜਿੱਠਣ ਲਈ ਡੀ.ਡੀ.ਏ., ਪੀ.ਡਬਲਿਊ.ਡੀ. ਅਤੇ ਨਗਰ ਨਿਗਮਾਂ ਸਮੇਤ ਸਾਰੇ ਸੰਬੰਧਤ ਅਥਾਰਿਟੀ ਨੂੰ ਮਾਨਕ ਆਵਾਜਾਈ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਹੈ। ਇਨ੍ਹਾਂ 'ਚੋਂ ਪੀ.ਡਬਲਿਊ.ਡੀ., ਨਗਰ ਨਿਗਮਾਂ, ਡੀ.ਡੀ.ਏ., ਨਵੀਂ ਦਿੱਲੀ ਨਗਰਪਾਲਿਕਾ ਕੌਂਸਲਰ (ਐੱਨ.ਡੀ.ਐੱਮ.ਸੀ.) ਵੱਲੋਂ ਸੜਕਾਂ 'ਤੇ ਪਾਣੀ ਦਾ ਛਿੜਕਾਅ ਅਤੇ ਪ੍ਰਦੂਸ਼ਣ ਫੈਲਾ ਰਹੇ ਵਾਹਨਾਂ ਦੇ ਖਿਲਾਫ ਕਾਰਵਾਈ ਕਰਨ ਸਮੇਤ ਹੋਰ ਕਦਮ ਸ਼ਾਮਲ ਹਨ। ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ ਬੁੱਧਵਾਰ ਨੂੰ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ।