‘ਓਖੀ’ ਦਾ ਕਹਿਰ ਜਾਰੀ , ਮੁੰਬਈ ‘ਚ ਬਾਰਿਸ਼ ਨੇ ਤੋੜਿਆ 50 ਸਾਲ ਦਾ ਰਿਕਾਰਡ

‘ਓਖੀ’ ਦਾ ਕਹਿਰ ਜਾਰੀ , ਮੁੰਬਈ ‘ਚ ਬਾਰਿਸ਼ ਨੇ ਤੋੜਿਆ 50 ਸਾਲ ਦਾ ਰਿਕਾਰਡ

ਮੁੰਬਈ — ਸਾਈਕਲੋਨ ਓਖੀ ਦੇ ਕਾਰਨ ਮੁੰਬਈ 'ਚ ਦਸੰਬਰ ਦੇ ਮਹੀਨੇ 'ਚ ਹੋਈ ਬਾਰਸ਼ ਨੇ ਪਿਛਲੇ 50 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਾਂਤਾਕਰੂਜ਼ 'ਚ ਬੁੱਧਵਾਰ ਨੂੰ ਸਵੇਰੇ ਸਾਢੇ 8 ਵਜੇ ਤੋਂ ਰਾਤ ਸਾਢੇ 8 ਵਜੇ ਤੱਕ 36 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸਾਲ 1967 'ਚ ਇਥੇ ਦਸੰਬਰ ਦੇ ਮਹੀਨੇ 'ਚ 31.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। 'ਓਖੀ' ਤੂਫਾਨ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਪਹਿਲਾਂ ਹੀ ਚੌਕੰਣਾ ਸੀ ਅਤੇ ਸਕੂਲ, ਕਾਲਜਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਇਕ ਦਿਨ ਲਈ ਬੰਦ ਕਰ ਦਿੱਤਾ ਗਿਆ ਸੀ।

ਦੂਸਰੇ ਪਾਸੇ 'ਓਖੀ' ਦੇ ਕਮਜ਼ੋਰ ਪੈ ਜਾਣ ਦੇ ਕਾਰਨ ਅਤੇ ਇਕ ਆਮ ਘੱਟ ਦਬਾਅ ਦੇ ਖੇਤਰ 'ਚ ਬਦਲ ਜਾਣ ਦੇ ਕਾਰਨ, ਇਸ ਦਾ ਗੁਜਰਾਤ ਦੇ ਤੱਟ 'ਤੇ ਟਕਰਾ ਕੇ ਭਾਰੀ ਤਬਾਹੀ ਮਚਾਉਣ ਦਾ ਖਤਰਾ ਪੂਰੀ ਤਰ੍ਹਾਂ ਟਲ ਗਿਆ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਜੈਯੰਤ ਸਰਕਾਰ ਨੇ ਦੱਸਿਆ ਕਿ 'ਓਖੀ' ਹੁਣ ਦੱਖਣੀ ਗੁਜਰਾਤ 'ਚ ਸਿਰਫ ਇਕ ਆਮ ਚੱਕਰਵਰਤੀ ਪ੍ਰਣਾਲੀ ਦੇ ਖੇਤਰ ਦੇ ਰੂਪ 'ਚ ਮੌਜੂਦ ਹੈ। ਇਸ ਕਾਰਨ ਭਾਰੀ ਵਰਖਾ ਵੀ ਨਹੀਂ ਹੋਵੇਗੀ। 'ਓਖੀ' ਦੇ ਗੁਜਰਾਤ ਤਟ ਨਾਲ ਟਕਰਾਉਣ ਦੀ ਸੰਭਾਵਨਾ ਕਾਰਨ ਸੂਬੇ ਦੇ ਸੂਰਤ ਜ਼ਿਲੇ ਅਤੇ ਦੂਜੇ ਤੱਟਵਰਤੀ ਖੇਤਰਾਂ ਵਿਚ ਵਿਆਪਕ ਸਾਵਧਾਨੀ ਦੇ ਪ੍ਰਬੰਧ ਕੀਤੇ ਗਏ ਸਨ।