ਹਨੀਪ੍ਰੀਤ ਦੀ ਸਾਜ਼ਿਸ਼ ਦਾ ਪਰਦਾਫਾਸ਼ , ਸਿਰਸਾ ਨੂੰ ਵੀ ਸੀ ਸਾੜਨ ਦਾ ਪਲਾਨ

 ਹਨੀਪ੍ਰੀਤ ਦੀ ਸਾਜ਼ਿਸ਼ ਦਾ ਪਰਦਾਫਾਸ਼ , ਸਿਰਸਾ ਨੂੰ ਵੀ ਸੀ ਸਾੜਨ ਦਾ ਪਲਾਨ

ਚੰਡੀਗੜ੍ਹ : ਜਬਰ-ਜ਼ਨਾਹ ਦੇ ਦੋਸ਼ ਵਿਚ ਗ੍ਰਿਫਤਾਰ ਰਾਮ ਰਹੀਮ ਅਤੇ ਉਸ ਦੀ ਚਹੇਤੀ ਹਨੀਪ੍ਰੀਤ ਨੇ ਮਿਲ ਕੇ ਕਾਨੂੰਨ ਨਾਲ ਟਕਰਾਉਣ ਦੀ ਕਿੰਨੀ ਵੱਡੀ ਸਾਜ਼ਿਸ਼ ਰਚੀ ਸੀ, ਇਸ ਦਾ ਖੁਲਾਸਾ ਹੁਣ ਪੁਲਸ ਦੇ ਇਕ ਹਲਫਨਾਮੇ ਰਾਹੀਂ ਹੋਇਆ ਹੈ। ਹਰਿਆਣਾ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਸਮਰਥਕਾਂ ਕੋਲੋਂ ਪੁਲਸ ਨੂੰ ਹਥਿਆਰਾਂ ਦੇ ਜ਼ਖੀਰੇ ਦੇ ਨਾਲ-ਨਾਲ ਇਕ ਡਰੋਨ ਵੀ ਮਿਲਿਆ ਸੀ, ਜਿਸ ਰਾਹੀਂ ਉਹ ਪੁਲਸ ਤੇ ਜਵਾਨਾਂ 'ਤੇ ਨਜ਼ਰ ਰੱਖਦੇ ਸਨ।

ਆਪਣੀਆਂ ਕਰਤੂਤਾਂ ਕਾਰਨ ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਜੇਲ ਵਿਚ ਤਾਂ ਚਲੇ ਗਏ ਪਰ ਜੇਲ ਜਾਣ ਤੋਂ ਪਹਿਲਾਂ ਦੋਵਾਂ ਨੇ ਕਾਨੂੰਨ ਨਾਲ ਲੋਹਾ ਲੈਣ ਲਈ ਜਿਸ ਤਰ੍ਹਾਂ ਦੀ ਸਾਜ਼ਿਸ਼ ਤਿਆਰ ਕੀਤੀ ਸੀ, ਉਸ ਦੀਆਂ ਬਾਰੀਕੀਆਂ ਦੇਖ ਕੇ ਹੁਣ ਪੁਲਸ ਵਾਲੇ ਅਤੇ ਕਾਨੂੰਨ ਦੇ ਜਾਣਕਾਰ ਵੀ ਹੈਰਾਨ ਹਨ। ਦੱਸਿਆ ਜਾ ਰਿਹਾ ਹੈ ਕਿ ਪੰਚਕੂਲਾ ਵਾਂਗ ਸਿਰਸਾ ਨੂੰ ਵੀ ਸਾੜਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਦੋਵਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਰਾਮ ਰਹੀਮ ਦੀ ਗ੍ਰਿਫਤਾਰੀ 'ਤੇ ਸਿਰਫ ਪੰਚਕੂਲਾ ਹੀ ਨਹੀਂ, ਬਲਕਿ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਵੀ ਪੱਡੇ ਪੈਮਾਨੇ 'ਤੇ ਅੱਗਜ਼ਨੀ, ਭੰਨ-ਤੋੜ ਅਤੇ ਕਤਲ ਦੀ ਸਾਜ਼ਿਸ਼ ਰਚੀ ਹੋਈ ਸੀ ਪਰ ਪੁਲਸ ਅਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕਾਰਨ ਉਹ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋ ਸਕੇ।