ਪੰਜਾਬ-ਹਰਿਆਣਾ ‘ਚ ਸੀਤ ਲਹਿਰ ਦਾ ਕਹਿਰ ਜਾਰੀ

ਪੰਜਾਬ-ਹਰਿਆਣਾ ‘ਚ ਸੀਤ ਲਹਿਰ ਦਾ ਕਹਿਰ ਜਾਰੀ

ਚੰਡੀਗੜ੍ਹ — ਪੰਜਾਬ ਤੇ ਹਰਿਆਣਾ ਵਿਚ ਅੱਜ ਤੇਜ਼ ਸੀਤ ਲਹਿਰ ਰਹੀ ਅਤੇ ਦੋਹਾਂ ਸੂਬਿਆਂ ਦੇ ਵਧੇਰੇ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋਵਾਂ ਸੂਬਿਆਂ ਵਿਚੋਂ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਹੇਠਾਂ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ  ਦਾ ਘੱਟੋ-ਘੱਟ ਤਾਪਮਾਨ 5, ਅੰਬਾਲਾ ਦਾ 5.7, ਹਿਸਾਰ ਦਾ 3.5, ਕਰਨਾਲ ਦਾ 3.4, ਨਾਰਨੌਲ, 3.5, ਲੁਧਿਆਣਾ 3.5 ਜਦ ਕਿ ਪਟਿਆਲਾ ਦਾ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸੇ ਦੌਰਾਨ ਰਾਜਧਾਨੀ ਦਿੱਲੀ ਵਿਚ ਅੱਜ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਮੌਸਮ ਦਾ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਠੰਡੀਆਂ ਹਵਾਵਾਂ ਚੱਲਣ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ-ਕਸ਼ਮੀਰ ਤੇ ਦਿੱਲੀ ਦੇ ਲੋਕਾਂ ਨੂੰ ਜ਼ਬਰਦਸਤ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਮੌਸਮ ਕਾਰਨ ਰੇਲ ਆਵਾਜਾਈ 'ਤੇ ਅੱਜ ਵੀ ਅਸਰ ਪਿਆ। ਧੁੰਦ ਕਾਰਨ ਘੱਟੋ-ਘੱਟ 7 ਰੇਲ ਗੱਡੀਆਂ ਨੂੰ ਬੰਦ ਕਰਨਾ ਪਿਆ ਅਤੇ 9 ਦੇ ਸਮੇਂ ਨੂੰ ਬਦਲਿਆ ਗਿਆ ਹੈ। ਮੌਸਮ ਵਿਭਾਗ ਨੇ ਕਲ ਸਵੇਰੇ ਵੀ ਇਸੇ ਤਰ੍ਹਾਂ ਦਾ ਮੌਸਮ ਰਹੇਗਾ।
ਓਧਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਵਿਚ ਪਿਛਲੇ 3 ਦਿਨਾਂ ਤੋਂ ਜਾਰੀ ਭਾਰੀ ਬਰਫਬਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਸੜਕਾਂ ਦੀ ਮੁਰੰਮਤ, ਬਿਜਲੀ ਸਪਲਾਈ ਬਹਾਲ ਕਰਨ ਅਤੇ ਪਾਣੀ ਦਾ ਪ੍ਰਬੰਧ ਕਰਨ ਲਈ 25 ਕਰੋੜ ਰੁਪਏ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।


Loading...