80 ਹਜਾਰ ਏਕੜ ਰਕਬੇ ਦੀ ਪਰਾਲੀ ਦੀ 3 ਬਾਇਓਗੈਸ ਪਲਾਟਾਂ ਚ ਖਪਤ ਹੋਵੇਗੀ –ਡੀ.ਸੀ.

80 ਹਜਾਰ ਏਕੜ ਰਕਬੇ ਦੀ ਪਰਾਲੀ ਦੀ 3 ਬਾਇਓਗੈਸ ਪਲਾਟਾਂ ਚ ਖਪਤ ਹੋਵੇਗੀ –ਡੀ.ਸੀ.

ਸ੍ਰੀ ਮੁਕਤਸਰ ਸਾਹਿਬ-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਚੱਲ ਰਹੇ ਤਿੰਨ ਬਾਇਓ ਗੈਸ ਪਲਾਂਟ 80 ਹਜ਼ਾਰ ਏਕੜ ਰਕਬੇ ਦੀ ਪਰਾਲੀ ਦੀ ਵਰਤੋਂ ਕਰਨਗੇ ਜਦਕਿ ਬਾਕੀ ਰਕਬੇ ਦੀ ਪਰਾਲੀ ਪ੍ਰਬੰਧਨ ਲਈ ਜੀਰੋ ਟਿਲੇਜ ਮਸ਼ੀਨਾਂ, ਹੈਪੀ ਸੀਡਰ, ਰਿਵਰਸੀਬਲ ਪਲਾਓ, ਪੈਡੀ ਸਟਰਾਅ ਚੌਪਰ ਸਰੈਡਰ/ਮਲਚਰ, ਅਤੇ ਰੋਟਾਵੇਟਰ ਦੀ ਵਰਤੋਂ ਕੀਤੀ ਜਾਵੇਗੀ | ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਐੱਮ. ਕੇ. ਅਰਵਿੰਦ ਕੁਮਾਰ ਨੇ ਸਮੂਹ ਉਪ-ਮੰਡਲ ਮੈਜਿਸਟ੍ਰੇਟਾਂ, ਖੇਤੀਬਾੜੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਬਾਇਓਮਾਸ ਪਲਾਟਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਵਿਚ ਦਿੱਤੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ, ਬਜ਼ੁਰਗਾਂ ਅਤੇ ਆਪਣੀ ਸਿਹਤ ਸੁਰੱਖਿਆ ਲਈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਜਦਕਿ ਹੁਣ ਐੱਸ. ਡੀ. ਐਮਜ ਵੀ ਆਪਣੀ ਆਪਣੀ ਸਬ ਡਵੀਜ਼ਨ ਵਿਚ ਯਕੀਨੀ ਬਣਾਉਣਗੇ ਕਿ ਅੱਗ ਨਾ ਲੱਗੇ ਅਤੇ ਕਿਸਾਨਾਂ ਨੂੰ ਜ਼ਰੂਰਤ ਅਨੁਸਾਰ ਮਸ਼ੀਨਰੀ ਮਿਲ ਸਕੇ | ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 125 ਜ਼ੀਰੋ ਟਿਲੇਜ਼ ਮਸ਼ੀਨਾਂ ਅਤੇ 155 ਹੈਪੀ ਸੀਡਰ ਉਪਲੱਬਧ ਹੋ ਚੁੱਕੇ ਹਨ, ਜਿਸ ਨਾਲ 35000 ਹੈੱਕਟੇਅਰ ਵਿਚ ਬਿਨਾਂ ਸਾੜੇ ਕਣਕ ਦੀ ਬਿਜਾਈ ਸੰਭਵ ਹੈ | ਜ਼ਿਲ੍ਹੇ ਵਿਚ 230 ਕਿਸਾਨਾਂ ਕੋਲ ਰੋਟਾਵੇਟਰ ਹਨ, ਜਿਸ ਨਾਲ 26,000 ਹੈੱਕਟੇਅਰ ਰਕਬੇ ਵਿਚ ਪਰਾਲੀ ਨੂੰ ਬਿਨਾਂ ਸਾੜੇ ਖੇਤ ਤਿਆਰ ਕਰਕੇ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਦਾ ਇਕ ਵੀ ਲਾਭ ਨਹੀਂ ਹੈ, ਸਗੋਂ ਇਸ ਦੇ ਨੁਕਸਾਨ ਹੀ ਹਨ | ਇਸ ਲਈ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ | ਬੈਠਕ 'ਚ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਡੀ. ਐੱਮ. ਰਾਜਪਾਲ ਸਿੰਘ, ਮਲੋਟ ਦੇ ਐੱਸ. ਡੀ. ਐੱਮ. ਗੋਪਾਲ ਸਿੰਘ, ਗਿੱਦੜਬਾਹਾ ਦੇ ਐੱਸ. ਡੀ. ਐੱਮ. ਅਰਸ਼ਦੀਪ ਸਿੰਘ ਲੁਬਾਣਾ ਅਤੇ ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ ਵੀ ਹਾਜ਼ਰ ਸਨ।