ਬਲਿਊ ਵ੍ਹੇਲ ਗੇਮ ਪਹੁੰਚੀ ਪੰਜਾਬ , ਹੁਣ 7ਵੀਂ ਜਮਾਤ ਦੀ ਲੜਕੀ ਚੜ੍ਹੀ ਸਕੂਲ ਦੀ ਤੀਸਰੀ ਮੰਜ਼ਿਲ ‘ਤੇ

ਬਲਿਊ ਵ੍ਹੇਲ ਗੇਮ ਪਹੁੰਚੀ ਪੰਜਾਬ , ਹੁਣ 7ਵੀਂ ਜਮਾਤ ਦੀ ਲੜਕੀ ਚੜ੍ਹੀ ਸਕੂਲ ਦੀ ਤੀਸਰੀ ਮੰਜ਼ਿਲ ‘ਤੇ

 

ਬਟਾਲਾ -ਦੁਨੀਆ ਭਰ 'ਚ ਅਨੇਕਾਂ ਜਾਨਾਂ ਨਿਗਲ ਚੁੱਕੀ ਬਲਿਊ ਵ੍ਹੇਲ ਗੇਮ ਬਟਾਲਾ ਪੁੱਜ ਗਈ ਹੈ, ਜਿਸ ਨਾਲ ਨਾ ਸਿਰਫ਼ ਮਾਪਿਆਂ ਬਲਕਿ ਸੰਬੰਧਿਤ ਸਕੂਲ ਅਤੇ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿਚ 2 ਲੜਕੀਆਂ ਨੂੰ 10ਵੀਂ ਮੰਜ਼ਿਲ ਤੋਂ ਛਾਲਾਂ ਮਾਰ ਕੇ ਖੁਦਕੁਸ਼ੀ ਕਰਨ ਲਈ ਬਲਿਊ ਵ੍ਹੇਲ ਗੇਮ ਨੂੰ ਮੁਖ ਕਾਰਨ ਦੱਸਿਆ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਬਟਾਲਾ ਦੇ ਇਕ ਨਾਮਵਰ ਪ੍ਰਾਈਵੇਟ ਅੰਗਰੇਜ਼ੀ ਸਕੂਲ 'ਚ ਛੁੱਟੀ ਹੋਈ ਤਾਂ ਉਸ ਦੇ ਤੁਰੰਤ ਬਾਅਦ ਇਕ 7ਵੀਂ ਜਮਾਤ ਦੀ ਲੜਕੀ ਅਚਾਨਕ ਸਕੂਲ ਦੀ ਤੀਸਰੀ ਮੰਜ਼ਿਲ 'ਤੇ ਜਾ ਚੜ੍ਹੀ। ਇਹ ਸਭ ਦੇਖ ਸਕੂਲ 'ਚ ਹਫੜਾ ਦਫੜੀ ਮੱਚ ਗਈ ਅਤੇ ਸਕੂਲ ਮੈਨੇਜਮੈਂਟ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਐੱਸ. ਡੀ. ਐੱਮ. ਬਟਾਲਾ ਨੂੰ ਦਿੱਤੀ, ਜਿਸ ਤੋਂ ਤੁਰੰਤ ਬਾਅਦ ਨਾਇਬ ਤਹਿਸੀਲਦਾਰ ਵਰਿਆਮ ਸਿੰਘ ਮੌਕੇ 'ਤੇ ਪੁੱਜ ਗਏ।  


ਜਦੋਂ ਉਨ੍ਹਾਂ ਲੜਕੀ ਨੂੰ ਤੀਸਰੀ ਮੰਜ਼ਿਲ 'ਤੇ ਚੜ੍ਹਿਆ ਦੇਖਿਆ ਤਾਂ ਬੜੀ ਮੁਸ਼ਕਲ ਨਾਲ ਲੜਕੀ ਨੂੰ ਛੱਤ ਤੋਂ ਉਤਾਰਿਆ ਗਿਆ ਅਤੇ ਨਾਇਬ ਤਹਿਸੀਲਦਾਰ ਨੇ ਤੁਰੰਤ ਐੱਸ. ਐੱਮ. ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਭੱਲਾ ਨੂੰ ਬੁਲਾਇਆ ਅਤੇ ਡਾਕਟਰਾਂ ਦੀ ਟੀਮ ਨੂੰ ਲੜਕੀ ਦਾ ਗੰਭੀਰਤਾ ਨਾਲ ਮੈਡੀਕਲ ਚੈੱਕਅਪ ਕਰਨ ਲਈ ਕਿਹਾ। ਅਗਲੀ ਜਾਂਚ 'ਚ ਕੀ ਸੱਚ ਸਾਹਮਣੇ ਆਉਂਦਾ ਹੈ, ਇਹ ਤਾਂ ਬਾਅਦ ਵਿਚ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਦੱਸਿਆ ਜਾ ਰਿਹਾ ਹੈ ਕਿ ਸੱਤਵੀਂ ਜਮਾਤ ਦੀ ਲੜਕੀ 'ਤੇ ਬਲਿਊ ਵ੍ਹੇਲ ਗੇਮ ਦਾ ਅਸਰ ਸੀ ਅਤੇ ਸ਼ਾਇਦ ਉਸ ਨੇ ਇਸ ਗੇਮ ਦੇ ਬਹਿਕਾਵੇ 'ਚ ਆ ਕੇ ਆਤਮਹੱਤਿਆ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਹੈ।

ਜਦੋਂ ਇਸ ਬਾਰੇ ਐੱਸ. ਐੱਮ. ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਭੱਲਾ ਨਾਲ ਗੱਲ ਹੋਈ, ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਰਾ ਕੁਝ ਸਪੱਸ਼ਟ ਨਹੀਂ ਹੋ ਸਕਦਾ। ਇਸ ਲਈ ਲੜਕੀ ਨੂੰ ਡਾਕਟਰਾਂ ਦੀ ਟੀਮ ਦੀ ਨਿਗਰਾਨੀ 'ਚ ਰੱਖ ਕੇ ਉਸ ਦੇ ਇਲਾਜ ਦੇ ਨਾਲ-ਨਾਲ ਗੰਭੀਰ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਸੀ ਪਰ ਅਸੀਂ ਲੜਕੀ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਰੱਖਣਾ ਚਾਹੁੰਦੇ ਸੀ ਪਰ ਘਰਦਿਆਂ ਦੇ ਵਾਰ-ਵਾਰ ਕਹਿਣ 'ਤੇ ਅਸੀਂ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਉਧਰ ਇਸ ਘਟਨਾ ਦੀ ਖਬਰ ਸ਼ਹਿਰ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ।