ਮੋਦੀ ਸਰਕਾਰ ਵੱਲੋਂ ਪੰਜਾਬੀ ਦਾ ਗਲਾ ਘੁੱਟਣਾ ਸ਼ੁਰੂ

ਮੋਦੀ ਸਰਕਾਰ ਵੱਲੋਂ ਪੰਜਾਬੀ ਦਾ ਗਲਾ ਘੁੱਟਣਾ ਸ਼ੁਰੂ

ਜਲੰਧਰ: ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬੀ ਭਾਸ਼ਾ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਆਧਾਰ ਕਾਰਡ ਉੱਪਰ ਹੁਣ ਪੰਜਾਬੀ ਭਾਸ਼ਾ ਵਿੱਚ ਵੇਰਵਾ ਲਿਖਣਾ ਬੰਦ ਕਰਕੇ ਹਿੰਦੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਆਧਾਰ ਕਾਰਡਾਂ ਉੱਪਰ ਪੰਜਾਬੀ ਤੇ ਅੰਗਰੇਜ਼ੀ ਵਿੱਚ ਵਿਅਕਤੀ ਦਾ ਵੇਰਵਾ ਤੇ ਹੋਰ ਜਾਣਕਾਰੀ ਲਿਖੀ ਹੁੰਦੀ ਸੀ। ਹੁਣ ਅਛੋਪਲੇ ਜਿਹੇ ਪੰਜਾਬੀ ਬੰਦ ਕਰਕੇ ਹਿੰਦੀ ਲਿਖਣੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕ ਸਿਮਰਜੀਤ ਸਿੰਘ ਦੇ ਪਹਿਲਾਂ ਬਣੇ ਕਾਰਡ ਉੱਪਰ ਵੇਰਵਾ ਪੰਜਾਬੀ ਤੇ ਅੰਗਰੇਜ਼ੀ ਵਿੱਚ ਦਰਜ ਸੀ। ਹੁਣ ਉਸ ਨੇ ਕੁਝ ਸੋਧ ਕਰਵਾਈ ਹੈ ਤੇ ਨਵੇਂ ਮਿਲੇ ਕਾਰਡ ਉੱਪਰ ਪੰਜਾਬੀ ਕੱਟ ਕੇ ਅੰਗਰੇਜ਼ੀ ਦੇ ਨਾਲ ਹਿੰਦੀ ਲਿਖੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਗੁਰਮੀਤ ਸਿੰਘ ਬਿੱਟੂ ਨੇ ਪੰਜਾਬੀ ਭਾਸ਼ਾ ਕੱਟ ਕੇ ਹਿੰਦੀ ਲਿਖਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸੁਆਲ ਕੀਤਾ ਹੈ ਕਿ ਉਹ ਦੱਸਣ ਕਿ ਪੰਜਾਬ ਹਿੰਦੀ ਭਾਸ਼ੀ ਸੂਬਾ ਕਦੋਂ ਬਣ ਗਿਆ। ਉਨ੍ਹਾਂ ਮੰਗ ਕੀਤੀ ਕਿ ਆਧਾਰ ਕਾਰਡਾਂ ਉੱਪਰ ਪੰਜਾਬੀ ‘ਚ ਵੇਰਵਾ ਲਿਖਿਆ ਜਾਣਾ ਸ਼ੁਰੂ ਕੀਤਾ ਜਾਵੇ।