ਚਿੱਟੀ ਮੱਖੀ ਨੇ ਨਿਗਲਿਆ ਨੌਜਵਾਨ ਕਿਸਾਨ

ਚਿੱਟੀ ਮੱਖੀ ਨੇ ਨਿਗਲਿਆ ਨੌਜਵਾਨ ਕਿਸਾਨ

ਬਠਿੰਡਾ: ਇੱਥੋਂ ਦੇ ਪਿੰਡ ਗੁਰਥੜੀ ਵਿੱਚ 11 ਅਗਸਤ ਨੂੰ ਇੱਕ ਨੌਜਵਾਨ ਕਿਸਾਨ ਜਸਵੀਰ ਸਿੰਘ ਨੇ ਆਪਣੀ ਫਸਲ ਖ਼ਰਾਬ ਹੋ ਜਾਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਪੰਜ ਕਿੱਲੇ ਜ਼ਮੀਨ ਦਾ ਮਾਲਕ 32 ਸਾਲਾ ਮ੍ਰਿਤਕ ਕਿਸਾਨ 18 ਲੱਖ ਰੁਪਏ ਦਾ ਕਰਜ਼ਈ ਸੀ। ਉਸ ਨੇ ਅੱਜ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਨਰਮਾ ਪੱਟੀ ਦੇ ਇਸ ਕਿਸਾਨ ਬਾਰੇ ਪਤਾ ਲੱਗਾ ਹੈ ਕਿ ਬੀਤੇ ਸਾਲ ਉਹ ਵੀ ਚਿੱਟੀ ਮੱਖੀ ਦੀ ਮਾਰ ਹੇਠ ਆ ਗਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 5 ਕਿੱਲੇ ਹੋਰ ਠੇਕੇ ‘ਤੇ ਲੈ ਕੇ 10 ਕਿੱਲਿਆਂ ਵਿੱਚ ਕਪਾਹ ਬੀਜੀ ਸੀ ਜੋ ਚਿੱਟੀ ਮੱਖੀ ਕਾਰਨ ਬਰਬਾਦ ਹੋ ਗਈ ਸੀ। ਇਸ ਸਾਲ ਉਸ ਨੇ ਝੋਨਾ ਬੀਜਿਆ ਸੀ ਪਰ ਉਹ ਵੀ ਪੀਲੀ ਕੁੰਗੀ ਦੀ ਮਾਰ ਹੇਠ ਆ ਗਿਆ। ਕਿਸਾਨ ਦੇ ਪਰਿਵਾਰਕ ਜੀਆਂ ਮੁਤਾਬਕ ਫਸਲ ਖ਼ਰਾਬ ਹੋ ਜਾਣ ਕਾਰਨ ਉਹ ਪਿਛਲੇ ਕਾਫੀ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਜਸਵੀਰ ਸਿੰਘ ‘ਤੇ ਬੈਂਕਾਂ, ਆੜ੍ਹਤੀਆਂ ਤੋਂ ਇਲਾਵਾ ਕੁਝ ਜਾਣਕਾਰਾਂ ਦਾ ਵੀ ਕਰਜ਼ ਸੀ ਜੋ 18 ਲੱਖ ਰੁਪਏ ਬਣਦਾ ਸੀ। ਪੀੜਤ ਪਰਿਵਾਰ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ।