ਘੁਮੰਡ ਕਰਨਾ ਪੈਂਦਾ ਹੈ ਮਹਿੰਗਾ

ਘੁਮੰਡ ਕਰਨਾ ਪੈਂਦਾ ਹੈ ਮਹਿੰਗਾ

 


ਇਕ ਰਾਜਾ ਆਪਣੇ ਨਗਰ ਦੀ ਸੈਰ 'ਤੇ ਨਿਕਲਿਆ। ਉਹ ਕੁਝ ਦੂਰ ਹੀ ਗਿਆ ਕਿ ਇਕ ਮੰਗਤਾ ਆਇਆ ਅਤੇ ਉਸ ਤੋਂ ਭੀਖ ਮੰਗਣ ਲੱਗਾ। ਰਾਜੇ ਨੇ ਉਸ ਨੂੰ ਪ੍ਰੇਸ਼ਾਨ ਨਾ ਕਰਨ ਅਤੇ ਅੱਗੇ ਜਾਣ ਲਈ ਕਿਹਾ। ਮੰਗਤਾ ਉਲ੍ਹਾਮੇ ਵਾਲਾ ਹਾਸਾ ਹੱਸਿਆ ਅਤੇ ਬੋਲਿਆ,''ਮਹਾਰਾਜ, ਜੇ ਮੇਰੇ ਬੋਲਣ ਨਾਲ ਤੁਹਾਡੇ ਮਨ ਦੀ ਸ਼ਾਂਤੀ ਭੰਗ ਹੋ ਰਹੀ ਹੈ ਤਾਂ ਫਿਰ ਮੰਨ ਲਵੋ ਕਿ ਉਹ ਪੂਰਨ ਸ਼ਾਂਤੀ ਹੈ ਹੀ ਨਹੀਂ।''
ਰਾਜੇ ਨੂੰ ਪਤਾ ਲੱਗਾ ਕਿ ਉਹ ਅਸਲ ਵਿਚ ਮੰਗਤਾ ਨਹੀਂ, ਸਗੋਂ ਸਾਧੂ ਹੈ। ਉਸ ਨੇ ਆਪਣਾ ਸਿਰ ਸਾਧੂ ਦੇ ਚਰਨਾਂ ਵਿਚ ਝੁਕਾਇਆ ਅਤੇ ਬੋਲਿਆ,''ਹੇ ਮਹਾਤਮਾ, ਮੈਨੂੰ ਆਪਣੀ ਇੱਛਾ ਦੱਸੋ ਅਤੇ ਮੈਂ ਸਾਰੀ ਜਾਇਦਾਦ ਤੁਹਾਡੇ ਚਰਨਾਂ ਵਿਚ ਪਾ ਦੇਵਾਂਗਾ।''
ਸਾਧੂ ਫਿਰ ਹੱਸਿਆ ਅਤੇ ਬੋਲਿਆ,''ਉਸ ਗੱਲ ਦਾ ਵਾਅਦਾ ਨਾ ਕਰ ਜੋ ਤੂੰ ਨਹੀਂ ਕਰ ਸਕੇਂਗਾ।''
ਇਸ 'ਤੇ ਰਾਜੇ ਨੂੰ ਗੁੱਸਾ ਆ ਗਿਆ। ਉਸ ਨੇ ਨਗਰ ਦੀ ਸੈਰ ਕਰਨ ਦਾ ਖਿਆਲ ਛੱਡ ਦਿੱਤਾ ਅਤੇ ਸਾਧੂ ਨੂੰ ਆਪਣੇ ਮਹੱਲ ਵਿਚ ਲੈ ਆਇਆ।
ਮਹੱਲ ਪਹੁੰਚ ਕੇ ਸਾਧੂ ਨੇ ਰਾਜੇ ਸਾਹਮਣੇ ਆਪਣਾ ਕਮੰਡਲ ਕਰ ਦਿੱਤਾ ਅਤੇ ਬੋਲਿਆ,''ਬਸ ਇਸ ਕਮੰਡਲ ਨੂੰ ਸੋਨੇ ਦੇ ਸਿੱਕਿਆਂ ਨਾਲ ਭਰ ਦੇ।''
ਰਾਜਾ ਮੁਸਕਰਾਇਆ ਅਤੇ ਸੋਨੇ ਦੇ ਸਿੱਕੇ ਲਿਆਉਣ ਦਾ ਹੁਕਮ ਦਿੱਤਾ। ਸਹਾਇਕ ਤੁਰੰਤ ਇਕ ਥਾਲੀ ਭਰ ਕੇ ਸੋਨੇ ਦੇ ਸਿੱਕੇ ਲੈ ਆਇਆ। ਜਿਵੇਂ ਹੀ ਰਾਜੇ ਨੇ ਸਿੱਕੇ ਸਾਧੂ ਦੇ ਕਮੰਡਲ ਵਿਚ ਪਾਏ, ਸਾਰੇ ਸਿੱਕੇ ਛੋਟੇ ਜਿਹੇ ਕਮੰਡਲ ਵਿਚ ਸਮਾ ਗਏ। ਇਸ ਤੋਂ ਬਾਅਦ ਹੋਰ ਸਿੱਕੇ ਮੰਗਵਾਏ ਗਏ ਪਰ ਉਹ ਵੀ ਕਮੰਡਲ ਵਿਚ ਸਮਾ ਗਏ। ਲਗਾਤਾਰ ਬਹੁਤ ਸਾਰੇ ਸਿੱਕੇ ਪਾਉਣ ਦੇ ਬਾਵਜੂਦ ਕਮੰਡਲ ਖਾਲੀ ਹੀ ਰਿਹਾ। ਰਾਜੇ ਦਾ ਪੂਰਾ ਖਜ਼ਾਨਾ ਖਾਲੀ ਹੋ ਗਿਆ। ਇਹ ਦੇਖ ਕੇ ਰਾਜੇ ਨੇ ਹਾਰ ਮੰਨ ਲਈ ਅਤੇ ਸਾਧੂ ਦੇ ਚਰਨਾਂ ਵਿਚ ਡਿੱਗ ਪਿਆ।
ਇਹ ਕਹਾਣੀ ਇਹੋ ਦੱਸਦੀ ਹੈ ਕਿ ਸਾਨੂੰ ਆਪਣੇ ਸਾਧਨਾਂ ਦੇ ਅੰਦਰ ਹੀ ਆਪਣੀਆਂ ਜ਼ਰੂਰਤਾਂ ਬਣਾਉਣੀਆਂ ਚਾਹੀਦੀਆਂ ਹਨ। ਇੰਝ ਕਰਨ ਨਾਲ ਅਸੀਂ ਵੀ ਪ੍ਰਸੰਨ ਰਹਿ ਸਕਦੇ ਹਾਂ। ਸਾਨੂੰ ਲਾਲਚ ਤੋਂ ਬਚਣਾ ਚਾਹੀਦਾ ਹੈ। ਹਰ ਤਰ੍ਹਾਂ ਦਾ ਲਾਲਚ ਜਾਂ ਘੁਮੰਡ, ਭਾਵੇਂ ਉਹ ਅਹੁਦੇ ਦਾ ਹੋਵੇ ਜਾਂ ਧਨ ਦਾ, ਸਾਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ।