ਮਾਨਸਿਕ ਜ਼ੰਜੀਰਾਂ ਨੂੰ ਖੋਲੋ

ਮਾਨਸਿਕ ਜ਼ੰਜੀਰਾਂ ਨੂੰ ਖੋਲੋ

 

ਇਕ ਵਿਅਕਤੀ ਕਿਤੇ ਜਾ ਰਿਹਾ ਸੀ। ਅਚਾਨਕ ਉਸ ਨੇ ਸੜਕ ਦੇ ਕੰਢੇ ਬੰਨ੍ਹੇ ਹਾਥੀਆਂ ਨੂੰ ਦੇਖਿਆ ਅਤੇ ਉਹ ਰੁਕ ਗਿਆ। ਉਸ ਨੇ ਦੇਖਿਆ ਕਿ ਹਾਥੀਆਂ ਦੇ ਅਗਲੇ ਪੈਰ ਵਿਚ ਇਕ ਰੱਸੀ ਬੰਨ੍ਹੀ ਹੋਈ ਹੈ। ਉਸ ਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਹਾਥੀ ਵਰਗਾ ਇੰਨਾ ਵੱਡਾ ਜੀਵ ਲੋਹੇ ਦੀਆਂ ਜ਼ੰਜੀਰਾਂ ਦੀ ਜਗ੍ਹਾ ਸਿਰਫ ਇਕ ਛੋਟੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਹੈ। ਉਹ ਚਾਹੁੰਦੇ ਤਾਂ ਖੁਦ ਨੂੰ ਆਜ਼ਾਦ ਕਰ ਸਕਦੇ ਸਨ ਪਰ ਉਹ ਅਜਿਹਾ ਨਹੀਂ ਕਰ ਰਹੇ ਸਨ।


ਉਸ ਨੇ ਕੋਲ ਖੜ੍ਹੇ ਮਹਾਵਤ ਤੋਂ ਪੁੱਛਿਆ, ''ਇਹ ਹਾਥੀ ਕਿਸ ਤਰ੍ਹਾਂ ਇੰਨੀ ਸ਼ਾਂਤੀ ਨਾਲ ਖੜ੍ਹੇ ਹਨ ਅਤੇ ਭੱਜਣ ਦਾ ਯਤਨ ਵੀ ਨਹੀਂ ਕਰ ਰਹੇ।ਮਹਾਵਤ ਨੇ ਕਿਹਾ, ''ਇਨ੍ਹਾਂ ਹਾਥੀਆਂ ਨੂੰ ਛੋਟੀ ਉਮਰ ਤੋਂ ਹੀ ਇਨ੍ਹਾਂ ਰੱਸੀਆਂ ਨਾਲ ਬੰਨ੍ਹਿਆ ਜਾਂਦਾ ਹੈ। ਉਸ ਸਮੇਂ ਇਨ੍ਹਾਂ ਕੋਲ ਇੰਨੀ ਤਾਕਤ ਨਹੀਂ ਹੁੰਦੀ ਸੀ ਕਿ ਇਸ ਬੰਧਨ ਨੂੰ ਤੋੜ ਸਕਣ। ਵਾਰ-ਵਾਰ ਯਤਨ ਕਰਨ 'ਤੇ ਵੀ ਰੱਸੀ ਨਾ ਤੋੜ ਸਕਣ ਕਾਰਨ ਉਨ੍ਹਾਂ ਨੂੰ ਹੌਲੀ-ਹੌਲੀ ਯਕੀਨ ਹੁੰਦਾ ਜਾਂਦਾ ਹੈ ਕਿ ਉਹ ਇਨ੍ਹਾਂ ਰੱਸੀਆਂ ਨੂੰ ਨਹੀਂ ਤੋੜ ਸਕਦੇ ਅਤੇ ਵੱਡੇ ਹੋਣ 'ਤੇ ਵੀ ਉਨ੍ਹਾਂ ਦਾ ਇਹ ਯਕੀਨ ਬਣਿਆ ਰਹਿੰਦਾ ਹੈ, ਇਸ ਲਈ ਉਹ ਕਦੇ ਇਸ ਨੂੰ ਤੋੜਨ ਦਾ ਯਤਨ ਹੀ ਨਹੀਂ ਕਰਦੇ।''


ਉਸ ਵਿਅਕਤੀ ਨੂੰ ਇਹ ਗੱਲ ਬੜੀ ਰੌਚਕ ਲੱਗੀ। ਉਸ ਨੇ ਇਸ ਬਾਰੇ ਇਕ ਸੰਤ ਨਾਲ ਚਰਚਾ ਕੀਤੀ। ਸੰਤ ਨੇ ਮੁਸਕਰਾ ਕੇ ਕਿਹਾ, ''ਇਹ ਜਾਨਵਰ ਇਸ ਲਈ ਆਪਣਾ ਬੰਧਨ ਨਹੀਂ ਤੋੜ ਸਕਦੇ ਕਿਉਂਕਿ ਉਨ੍ਹਾਂ ਦੇ ਮਨ ਵਿਚ ਇਸ ਗੱਲ ਦਾ ਵਿਸ਼ਵਾਸ ਬੈਠ ਜਾਂਦਾ ਹੈ ਕਿ ਉਨ੍ਹਾਂ ਵਿਚ ਉਨ੍ਹਾਂ ਰੱਸੀਆਂ ਨੂੰ ਤੋੜਨ ਦੀ ਤਾਕਤ ਨਹੀਂ ਹੈ, ਇਸ ਲਈ ਉਹ ਇਸ ਦੇ ਲਈ ਕਦੇ ਯਤਨ ਵੀ ਨਹੀਂ ਕਰਦੇ।
ਦਰਅਸਲ, ਕਈ ਇਨਸਾਨ ਵੀ ਇਨ੍ਹਾਂ ਹਾਥੀਆਂ ਦੀ ਤਰ੍ਹਾਂ ਆਪਣੀ ਕਿਸੇ ਅਸਫਲਤਾ ਨੂੰ ਇਕ ਕਾਰਨ ਮੰਨ ਬੈਠਦੇ ਹਨ ਕਿ ਹੁਣ ਉਨ੍ਹਾਂ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ। ਉਹ ਆਪਣੀਆਂ ਬਣਾਈਆਂ ਹੋਈਆਂ ਮਾਨਸਿਕ ਜ਼ੰਜੀਰਾਂ ਵਿਚ ਪੂਰਾ ਜੀਵਨ ਗੁਜ਼ਾਰ ਦਿੰਦੇ ਹਨ ਪਰ ਮਨੁੱਖ ਨੂੰ ਕਦੇ ਯਤਨ ਛੱਡਣਾ ਨਹੀਂ ਚਾਹੀਦਾ। ਲਗਾਤਾਰ ਯਤਨ ਨਾਲ ਹੀ ਸਫਲਤਾ ਮਿਲਦੀ ਹੈ।


Loading...