ਸ਼੍ਰੀ ਰਾਮੇਸ਼ਵਰਮ ਧਾਮ

ਸ਼੍ਰੀ ਰਾਮੇਸ਼ਵਰਮ ਧਾਮ

ਧਰਮਪ੍ਰਾਣ ਭਾਰਤ 'ਚ ਪੁਰਾਣੇ ਸਮੇਂ ਤੋਂ ਹੀ ਤੀਰਥਾਂ ਦੀ ਸਥਾਪਨਾ ਦੀ ਪ੍ਰੰਪਰਾ ਰਹੀ ਹੈ। ਇਸੇ ਪ੍ਰੰਪਰਾ ਅਨੁਸਾਰ ਵਿਸ਼ਾਲ ਭਾਰਤ ਦੇਸ਼ ਨੂੰ ਏਕਤਾ-ਸੂਤਰ 'ਚ ਬੰਨ੍ਹੀ ਰੱਖਣ ਲਈ ਪਰਮ ਪਵਿੱਤਰ ਚਾਰ ਧਾਮਾਂ ਦੀ ਸਥਾਪਨਾ ਚਾਰ ਦਿਸ਼ਾਵਾਂ 'ਚ ਕੀਤੀ ਗਈ ਸੀ। ਉੱਤਰ 'ਚ ਹਿਮਾਲਯ ਦੀ ਗੋਦ 'ਚ ਬਦਰੀਨਾਥ, ਪੱਛਮ 'ਚ ਦੁਆਰਕਾਪੁਰੀ, ਪੂਰਬ 'ਚ ਜਗਨਨਾਥ ਪੁਰੀ ਅਤੇ ਦੱਖਣ 'ਚ ਸਥਿਤ ਹੈ ਚੌਥਾ ਧਾਮ ਰਾਮੇਸ਼ਵਰਮ ਤੀਰਥ।

ਤੀਰਥ ਸਥਾਪਨਾ ਦੀ ਕਥਾ : ਚਾਰ ਧਾਮਾਂ 'ਚ ਪ੍ਰਸਿੱਧ ਤੀਰਥ ਰਾਮੇਸ਼ਵਰਮ ਦੀ ਸਥਾਪਨਾ ਦੇ ਸਬੰਧ 'ਚ ਕਈ ਪੌਰਾਣਿਕ ਕਥਾਵਾਂ ਪ੍ਰਚੱਲਿਤ ਹਨ ਪਰ ਸਰਬ ਪ੍ਰਮਾਣਿਤ ਇਹ ਮਾਨਤਾ ਹੈ ਕਿ ਰਾਵਣ ਨੂੰ ਹਰਾ ਕੇ ਸੀਤਾ ਜੀ ਨੂੰ ਲੰਕਾ ਤੋਂ ਵਾਪਸ ਲਿਆਉਣ 'ਤੇ ਸ਼੍ਰੀ ਰਾਮ ਨੇ ਇਸ ਪਾਵਨ ਤੀਰਥ ਦੀ ਸਥਾਪਨਾ ਕੀਤੀ। ਇਹ ਕਥਾ ਵੀ ਕਹੀ ਜਾਂਦੀ ਹੈ ਕਿ ਮਹਾਬਲਸ਼ਾਲੀ ਲੰਕਾਪਤੀ ਰਾਵਣ ਤੋਂ ਜੰਗ 'ਚ ਜਿੱਤ ਪ੍ਰਾਪਤ ਕਰਨ ਲਈ ਸ਼੍ਰੀ ਰਾਮ ਨੇ ਆਪਣੇ ਇਸ਼ਟਦੇਵ ਸ਼ੰਕਰ ਦੀ ਉਪਾਸਨਾ ਇਥੇ ਹੀ ਕੀਤੀ ਸੀ। ਮਹਾਦੇਵ ਖੁਸ਼ ਹੋਏ ਅਤੇ ਜਿੱਤ ਪ੍ਰਾਪਤ ਕਰਨ ਦਾ ਵਰਦਾਨ ਦਿੱਤਾ।

ਇਕ ਹੋਰ ਕਥਾ ਅਨੁਸਾਰ ਰਾਵਣ ਨੂੰ ਮਾਰਨ ਤੋਂ ਬਾਅਦ ਰਾਮ ਚੰਦਰ ਜੀ ਨੂੰ ਬ੍ਰਹਮ ਹੱਤਿਆ ਦਾ ਮਹਾਪਾਪ ਲੱਗਾ। ਇਸੇ ਪਾਪ ਦੇ  ਪਛਤਾਵੇ ਵਜੋਂ  ਲੰਕਾ ਤੋਂ ਵਾਪਸ ਆਉਂਦਿਆਂ ਹੀ ਭਾਰਤ ਭੂਮੀ 'ਤੇ ਸਾਗਰ ਕੰਢੇ ਰਾਮ ਜੀ ਨੇ ਮਹਾਦੇਵ ਸ਼ਿਵ ਦੀ ਪੂਜਾ ਕੀਤੀ ਅਤੇ ਪਾਪ ਮੁਕਤ ਹੋ ਗਏ।

ਇਹ ਵੀ ਕਿਹਾ ਜਾਂਦਾ ਹੈ ਕਿ ਲੰਕਾ 'ਤੇ ਜਿੱਤ ਦੇ ਮਹਾਯੁੱਧ 'ਚ ਰਾਵਣ ਸਮੇਤ ਸਵਾ ਲੱਖ ਯੋਧੇ ਮਾਰੇ ਗਏ। ਅਜਿਹੀ ਹਿੰਸਾ ਨਾਲ ਦੇਵਾਂ ਦੇ ਦੇਵ ਸ਼ੰਕਰ ਨੂੰ ਦਿੱਤੇ ਗਏ ਵਚਨ ਅਨੁਸਾਰ ਸਾਗਰ ਤੱਟ 'ਤੇ ਸ਼ਿਵਲਿੰਗ ਦੀ ਸਥਾਪਨਾ ਦੀ ਗੱਲ ਤੈਅ ਹੋਈ। ਇਸ ਦੇ ਲਈ ਸ਼ਿਵਲਿੰਗ ਲਿਆਉਣ ਲਈ ਪਵਨਪੁੱਤਰ ਹਨੂਮਾਨ ਨੂੰ ਕਾਸ਼ੀ ਭੇਜਿਆ ਗਿਆ। ਸਮਾਂ ਬੀਤ ਰਿਹਾ ਸੀ ਪਰ ਹਨੂਮਾਨ ਵਾਪਸ ਨਹੀਂ ਆ ਸਕੇ। ਅਜਿਹੀ ਸਥਿਤੀ 'ਚ ਖੁਦ ਸ਼੍ਰੀ ਰਾਮ ਨੇ ਆਪਣੇ ਹੱਥਾਂ ਨਾਲ ਉਥੇ ਉਪਲੱਬਧ ਰੇਤ ਨਾਲ ਜੋਤੀਲਿੰਗ ਬਣਾ ਕੇ ਸਥਾਪਤ ਕਰ ਦਿੱਤਾ। ਬਾਅਦ 'ਚ ਹਨੂਮਾਨ ਜੀ ਆਏ ਤਾਂ ਉਨ੍ਹਾਂ ਨੇ ਆਪਣੀ ਦੇਰੀ ਲਈ ਪਛਤਾਵਾ ਪ੍ਰਗਟ ਕੀਤਾ। ਆਪਣੇ ਭਗਤ ਹਨੂਮਾਨ ਨੂੰ ਇਸ ਤਰ੍ਹਾਂ ਦੁਖੀ ਦੇਖ ਕੇ ਸ਼੍ਰੀ ਰਾਮ ਨੇ ਉਨ੍ਹਾਂ ਦੁਆਰਾ ਲਿਆਂਦੇ ਸ਼ਿਵਲਿੰਗ ਦੀ ਵੀ ਸਥਾਪਨਾ ਕਰ ਦਿੱਤੀ ਅਤੇ ਕਿਹਾ ਕਿ ਜੋ  ਭਗਤ ਇਸ ਸ਼ਿਵਲਿੰਗ ਤੋਂ ਪਹਿਲਾਂ ਹਨੂਮਾਨ ਜੀ ਦੇ ਲਿਆਂਦੇ ਸ਼ਿਵਲਿੰਗ ਦੀ ਪੂਜਾ ਕਰੇਗਾ ਉਸ ਨੂੰ ਜ਼ਿਆਦਾ ਪੁੰਨ ਪ੍ਰਾਪਤ ਹੋਵੇਗਾ। ਇਸ ਲਈ ਮੁੱਖ ਮੰਦਰ 'ਚ ਪੂਜਾ ਕਰਨ ਤਂੋ ਪਹਿਲਾਂ ਭਗਤਜਨ ਇਸ ਮੂਰਤੀ ਦੇ ਦਰਸ਼ਨ ਕਰ ਲੈਂਦੇ ਹਨ। ਰਾਮੇਸ਼ਵਰਮ ਦਾ ਮੁੱਖ ਮੰਦਰ : ਤਾਮਿਲਨਾਡੂ ਸੂਬੇ ਦੇ ਦੱਖਣ ਪਾਸੇ ਸਾਗਰ ਤੱਟ ਦੇ ਕੋਲ ਇਕ ਛੋਟਾ ਜਿਹਾ ਦੀਪ ਹੈ ਜਿਸ ਨੂੰ ਪੌਰਾਣਿਕ ਸਾਹਿਤ 'ਚ ਸ਼ੰਖਦੀਪ ਕਿਹਾ ਗਿਆ ਹੈ। ਸਖਤ ਚੱਟਾਨਾਂ ਨਾਲ ਬਣੇ ਮੁੱਖ ਮੰਦਰ 'ਚ ਸ਼੍ਰੀ ਰਾਮ ਜੀ ਦੁਆਰਾ ਸਥਾਪਤ ਸੁੰਦਰ ਜੋਤੀਲਿੰਗ ਹੈ। ਇਸ ਦੇ ਉੱਪਰ ਸ਼ੇਸ਼ਨਾਗ ਦੇ ਫਨ ਦਾ ਵਿਸ਼ਾਲ ਛਤਰ ਹੈ।

ਸਮੁੰਦਰ ਤੱਟ 'ਤੇ ਸਥਿਤ ਰਾਮੇਸ਼ਵਰਮ ਦੇ ਇਸ ਵਿਸ਼ਾਲ ਮੰਦਰ ਦੇ ਚਾਰੇ ਪਾਸੇ ਪੱਥਰ ਦੀ ਉੱਚੀ ਦੀਵਾਰ ਹੈ। ਮੁੱਖ ਮੰਦਰ ਦੇ ਚਾਰੇ ਪਾਸੇ ਪੱਥਰ ਦੇ ਥੰਮ੍ਹਾਂ ਨਾਲ ਬਣਿਆ ਵਿਸ਼ਾਲ ਪਰਿਕਰਮਾ ਦਾ ਰਸਤਾ ਇਥੋਂ ਦੀ ਵੱਖਰੀ ਪਛਾਣ ਹੈ। 1200 ਮੀਟਰ ਤੋਂ ਵੀ ਵੱਧ ਲੰਬਾਈ ਵਾਲੀ ਇਸ ਕਤਾਰ 'ਚ ਲੱਗਭਗ 1100 ਦੇ ਲੱਗਭਗ ਥੰਮ੍ਹ ਹਨ। ਇਸ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਿਕਰਮਾ ਦਾ ਰਸਤਾ ਮੰਨਿਆ ਜਾਂਦਾ ਹੈ ਜੋ ਭਾਰਤੀ ਸ਼ਿਲਪ ਦਾ ਬੇਜੋੜ ਨਮੂਨਾ ਹੈ।

ਮੁੱਖ ਮੰਦਰ ਦਾ ਅਹਾਤਾ ਦੋ ਸੌ ਮੀਟਰ ਚੌੜਾ ਅਤੇ ਦੋ ਸੌ ਸੱਠ ਮੀਟਰ ਲੰਬਾ ਹੈ। ਮੰਦਰ ਦੇ ਕੋਲ ਅਤੇ ਪਰਿਕਰਮਾ ਰਸਤੇ ਦੇ ਨਾਲ  ਛੋਟੇ-ਵੱਡੇ ਸਰੋਵਰ ਹਨ। ਅਜਿਹੀ ਮਾਨਤਾ ਹੈ ਕਿ ਇਸ ਦੇ ਜਲ 'ਚ ਇਸ਼ਨਾਨ ਕਰਨ ਨਾਲ ਭਗਤਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ।