ਕੈਲੇਫੋਰਨੀਆਂ ‘ਚ ਹੋਵੇਗਾ  ‘13ਵਾਂ ਵਿਸ਼ਵ ਕਬੱਡੀ ਕੱਪ’, ਤਿਆਰੀਆਂ ਸ਼ੁਰੂ

 ਕੈਲੇਫੋਰਨੀਆਂ ‘ਚ ਹੋਵੇਗਾ  ‘13ਵਾਂ ਵਿਸ਼ਵ ਕਬੱਡੀ ਕੱਪ’, ਤਿਆਰੀਆਂ ਸ਼ੁਰੂ

 


ਸਾਨ ਫਰਾਂਸਿਸਕੋ— ਯੂਨਾਈਟਿਡ ਸਪੋਰਟਸ ਕਲੱਬ ਕੈਲੇਫੋਰਨੀਆਂ ਵਲੋਂ 17 ਸਤੰਬਰ ਦਿਨ ਐਤਵਾਰ ਨੂੰ 1800 8 Logan 8igh School ”nion 3ity ਵਿਖੇ ਹੋਣ ਵਾਲੇ 13ਵੇਂ ਵਿਸ਼ਵ ਕਬੱਡੀ ਕੱਪ ਵਿਚ ਕਬੱਡੀ ਦੇ ਜੌਹਰ ਦਿਖਾਉਣ ਲਈ ਵਿਸ਼ਵ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਲੇਫੋਰਨੀਆਂ ਪਹੁੰਚ ਗਏ ਹਨ। ਕਲੱਬ ਦੇ ਸਰਪ੍ਰਸਤ ਸ੍ਰ. ਅਮੋਲਕ ਸਿੰਘ ਗਾਖਲ ਨੇ ਇਸ ਕਬੱਡੀ ਕੱਪ 'ਚ ਸਹਿਯੋਗ ਦੇਣ ਲਈ ਆਪਣੇ ਸਪਾਂਸਰਾਂ ਅਤੇ ਕਬੱਡੀ ਦੇ ਹਮਦਰਦ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ ਰਚਣ ਜਾ ਰਿਹਾ ਇਹ ਵਿਸ਼ਵ ਕਬੱਡੀ ਕੱਪ ਉਨ੍ਹਾਂ ਦੇ ਸਹਿਯੋਗ ਨਾਲ ਹੀ ਕਬੱਡੀ ਖੇਤਰ ਦਾ ਇਕ ਅਹਿਮ ਹਿੱਸਾ ਬਣੇਗਾ। ਸ੍ਰ. ਗਾਖਲ ਨੇ ਹੋਰ ਕਿਹਾ ਇਸ ਖੇਡ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਦਰਸ਼ਕਾਂ ਸਮੇਤ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਉੱਘੇ ਕਬੱਡੀ ਪ੍ਰੋਮੋਟਰ ਸ੍ਰ. ਸੁਰਜੀਤ ਸਿੰਘ ਟੁੱਟ ਅਤੇ ਸੇਵਾ ਸਿੰਘ ਰੰਧਾਵਾ ਕਰਨਗੇ। ਜਦੋਂ ਕਿ ਮੁੱਖ ਮਹਿਮਾਨ ਵਜੋਂ ਸਾਬਕਾ ਕਬੱਡੀ ਖਿਡਾਰੀ ਮੱਖਣ ਸਿੰਘ ਧਾਲੀਵਾਲ ਸ਼ਿਰਕਤ ਕਰਨਗੇ। ਇਹ ਸਮੁੱਚਾ ਖੇਡ ਮੇਲਾ ਯੁਨਾਈਟਡ ਸਪੋਰਟਸ ਕਲੱਬ ਦੇ ਕੋਚ ਮਰਹੂਮ ਪਰਮਜੀਤ ਸਿੰਘ ਪੰਮੀ ਨੂੰ ਸਮਰਪਿਤ ਹੋਵੇਗਾ। ਜਿੱਥੇ ਇਸ ਖੇਡ ਮੇਲੇ ਵਿਚ ਵੱਡੀਆਂ ਕਲੱਬਾਂ ਫਸਵੇਂ ਤੇ ਦਿਲਕਸ਼ ਮੈਚਾਂ ਨੂੰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਉਣਗੀਆਂ ਉੱਥੇ ਪਹਿਲੀ ਵਾਰ ਹੈ ਕਿ ਅੰਡਰ-25 ਵਰਗ ਵਿਚ ਕਬੱਡੀ ਪ੍ਰਤੀ ਉਤਸ਼ਾਹਿਤ ਹੋਏ ਨਵੇਂ ਨੌਜਵਾਨਾਂ ਨੂੰ ਵੀ ਆਪਣੇ ਜੋਰ ਅਤੇ ਜੁੱਸੇ ਦਾ ਪ੍ਰਦਰਸ਼ਨ ਕਰਨ ਦਾ ਖੁੱਲ੍ਹਾ ਮੌਕਾ ਮਿਲੇਗਾ। ਉਨ੍ਹਾਂ ਇਸ ਵਰਗ ਦੇ ਕੋਚ ਅਤੇ ਮੈਨੇਜਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਲੱਬ ਦੇ ਫੈਸਲੇ ਅਨੁਸਾਰ ਅੰਤਰਰਾਸ਼ਟਰੀ ਜਾਂ ਆਲ ਓਪਨ ਵਰਗ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਅੰਡਰ-25 ਵਰਗ ਵਿਚ ਖੇਡਣ ਦੀ ਮਨਾਹੀ ਹੋਵੇਗੀ, ਇਸ ਲਈ ਉਹ ਇਸ ਨਿਯਮ ਦਾ ਖਾਸ ਖਿਆਲ ਰੱਖਣ। ਕਬੱਡੀ ਦੇ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ ਕਰਨ ਲਈ ਕਲੱਬ ਵਚਨਬੱਧ ਹੈ ਫਿਰ ਵੀ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਯੂਨਾਈਟਡ ਸਪੋਰਟਸ ਕਲੱਬ ਨੂੰ ਹੀ ਹੋਵੇਗਾ। ਯੂਨੀਅਨ ਸਿਟੀ ਦੇ ਰਾਜਾ ਸਵੀਟਸ ਵਿਖੇ ਹੋਈ ਚੇਅਰਮੈਨ ਸ੍ਰ. ਮੱਖਣ ਸਿੰਘ ਬੈਂਸ ਅਤੇ ਉੱਪ ਚੇਅਰਮੈਨ ਇਕਬਾਲ ਸਿੰਘ ਗਾਖ਼ਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਨ੍ਹਾ ਸਾਰੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਮੂਹ ਕਲੱਬਾਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਹਾਜ਼ਰੀ ਸਵੇਰੇ 9 ਵਜੇ ਯਕੀਨੀ ਬਣਾਉਣ ਤਾਂ ਕਿ ਉਹਨਾਂ ਦੀ ਟੀਮਾਂ ਮਾਰਚ ਪਾਸਟ ਵਿਚ ਹਿੱਸਾ ਲੈ ਸਕਣ। ਸ੍ਰ. ਇਕਬਾਲ ਸਿੰਘ ਗਾਖਲ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਇਸ ਖੇਡ ਮੇਲੇ ਦੇ ਸਮਰੱਥਕਾਂ ਅਤੇ ਸਹਿਯੋਗੀਆਂ ਦੇ ਸਵਾਗਤ ਲਈ ਇਕ ਵੱਖਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਵਿਚ ਜੁਗਰਾਜ ਸਿੰਘ ਸਹੋਤਾ, ਬਲਵੀਰ ਸਿੰਘ ਭਾਟੀਆ, ਸਾਧੂ ਸਿੰਘ ਖਲੌਰ, ਨੱਥਾ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਐੱਸ ਅਸ਼ੋਕ ਭੌਰਾ, ਨਰਿੰਦਰ ਸਿੰਘ ਸਹੋਤਾ ਅਤੇ ਬਲਵੀਰ ਭਾਟੀਆ ਸ਼ਾਮਿਲ ਹੋਏ।

ਸ੍ਰ. ਗਾਖਲ ਨੇ ਇਕ ਵਾਰ ਫਿਰ ਦਰਸ਼ਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਰੁਝੇਵਿਆਂ ਭਰੇ ਜੀਵਨ ਵਿਚੋਂ ਇਹ 17 ਸਤੰਬਰ ਦਾ ਦਿਨ ਮਾਂ ਖੇਡ ਕਬੱਡੀ ਦੇ ਲੇਖੇ ਲਾਉਣ ਤਾਂ ਕਿ ਪੰਜਾਬੀਆਂ ਦੀ ਪਛਾਣ ਵਾਲੀ ਇਸ ਖੇਡ ਨੂੰ ਦੁਨੀਆਂ ਭਰ ਵਿਚ ਹੋਰ ਮਾਣ ਸਤਿਕਾਰ ਦੁਆਇਆ ਜਾ ਸਕੇ। ਰਾਜਵਿੰਦਰ ਰੰਡਿਆਲਾ, ਇਕਬਾਲ ਗਾਲਿਬ, ਮੱਖਣ ਅਲੀ, ਸੁਰਜੀਤ ਕਕਰਾਲਾ, ਯੋਧਵੀਰ ਸਿੰਘ ਅਤੇ ਆਸ਼ਾ ਸ਼ਰਮਾ ਕੁਮੈਂਟਰੀ ਦੀ ਸੇਵਾ ਨਿਭਾਉਣਗੇ। ਵਿਸ਼ਵ ਕੱਪ ਦਾ ਸਮੁੱਚਾ ਸੰਚਾਲਨ ਮੀਡੀਆ ਇੰਚਾਰਜ ਐੱਸ ਅਸ਼ੋਕ ਭੌਰਾ ਕਰਨਗੇ।